ਲੁਧਿਆਣਾ: ਬਰਗਰਾਂ ਦੀ ਰੇਹੜੀ ਲਗਾਉਣ ਵਾਲੇ ਭਾਈ ਰਵਿੰਦਰਪਾਲ ਸਿੰਘ ਉਰਫ ਬਾਬਾ ਜੀ ਬਰਗਰ ਵਾਲੇ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਆ ਗਏ ਹਨ। ਦਰਅਸਲ ਰਵਿੰਦਰ ਪਾਲ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ ਉੱਤੇ ਬੈਠ ਗਿਆ ਹੈ।
ਦਰਅਸਲ ਉਸ ਦੇ ਪੈਰ ਵਿੱਚ ਫਰੈਕਚਰ ਹੈ ਅਤੇ ਉਹ ਮੰਗ ਕਰ ਰਿਹਾ ਹੈ ਕਿ ਸੜਕਾਂ ਉੱਤੇ ਫਿਰਨ ਵਾਲੇ ਆਵਾਰਾ ਪਸ਼ੂਆਂ ਉੱਤੇ ਠੱਲ੍ਹ ਪਾਈ ਜਾਵੇ ਕਿਉਂਕਿ ਉਹ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਰਵਿੰਦਰ ਪਾਲ ਸਿੰਘ ਉਰਫ ਬਾਬਾ ਜੀ ਬਰਗਰ ਵਾਲੇ ਨੇ ਕਿਹਾ ਕਿ ਗਿੱਲ ਰੋਡ ਉੱਤੇ ਦੋ ਵਾਰ ਅਵਾਰਾ ਪਸ਼ੂਆਂ ਕਾਰਨ ਹੀ ਉਸ ਨਾਲ ਹਾਦਸਾ ਹੋਇਆ ਜਿਸ ਕਾਰਨ ਉਸ ਦੀ ਲੱਤ ਵਿੱਚ ਫੈਕਚਰ ਹੋ ਗਿਆ ਅਤੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ। ਮਜਬੂਰੀ ਵੱਸ ਹੁਣ ਉਸ ਨੂੰ ਧਰਨੇ ਉੱਤੇ ਬੈਠਣਾ ਪਿਆ।
ਰਵਿੰਦਰਪਾਲ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਸਰਕਾਰ ਟੈਕਸ ਲੈਣਾ ਬੰਦ ਕਰ ਦੇਵੇ ਜਾਂ ਫਿਰ ਜਿੰਨੇ ਆਵਾਰਾ ਪਸ਼ੂ ਸੜਕਾਂ ਉੱਤੇ ਘੁੰਮਦੇ ਨੇ ਉਨ੍ਹਾਂ ਨੂੰ ਗਊਸ਼ਾਲਾ ਦੇ ਵਿੱਚ ਡੱਕਿਆ ਜਾਵੇ। ਗਊਸ਼ਾਲਾ ਚਲਾ ਰਹੇ ਜੋ ਲੋਕ ਦੁੱਧ ਨਾ ਦੇਣ ਵਾਲੀਆਂ ਗਾਈਆਂ ਨੂੰ ਸੜਕਾਂ ਉੱਤੇ ਛੱਡ ਦਿੰਦੇ ਨੇ ਉਨ੍ਹਾਂ ਉੱਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਜਦੋਂ ਤੱਕ ਉਸ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਲਗਾਤਾਰ ਧਰਨੇ ਉੱਤੇ ਡਟਿਆ ਰਹੇਗਾ।
ਦੱਸ ਦਈਏ ਕਿ ਬਾਬਾ ਜੀ ਬਰਗਰ ਵਾਲੇ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਲੋਕ ਸਭਾ ਚੋਣਾਂ ਵਿੱਚ ਉਹ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾਉਣ ਲੱਗੇ ਸਨ। ਫਿਰ ਉਹ ਸੁਰੱਖਿਆ ਮੁਲਾਜ਼ਮਾਂ ਦਾ ਖਰਚਾ ਪੂਰਾ ਨਾ ਹੋਣ ਕਾਰਨ ਸੁਰੱਖੀਆਂ ਵਿੱਚ ਆਏ ਅਤੇ ਹੁਣ ਅਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨੇ ਉੱਤੇ ਬੈਠ ਗਏ ਹਨ।