ਲੁਧਿਆਣਾ: ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਕਈ ਜ਼ਿਲ੍ਹਿਆਂ 'ਚ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਜਿਸ ਨੂੰ ਲੈਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਗਰਮੀ ਤੋਂ ਰਾਹਤ: ਇਸ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ, ਕਿਉਂਕਿ ਰੋਜ਼ਾਨਾ 40 ਡਿਗਰੀ ਤੋਂ ਵੱਧ ਤਾਪਮਾਨ ਰਹਿਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋ ਚੁੱਕਿਆ ਸੀ। ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਚਮੜੀਆਂ ਦੀਆਂ ਬਿਮਾਰੀਆਂ ਵੀ ਵੱਧ ਗਰਮੀ ਹੋਣ ਕਾਰਨ ਪੈਦਾ ਹੋਣ ਦੀ ਸੰਭਾਵਨਾ ਸੀ।
ਇਹ ਵੀ ਪੜ੍ਹੋ: ਅਗਨੀਪਥ ਯੋਜਨਾ: ਭਰਤੀ ਲਈ ਉਮਰ ਸੀਮਾ 21 ਤੋਂ ਵਧਾ ਕੇ ਕੀਤੀ 23 ਸਾਲ
ਮੌਸਮ ਵਿਭਾਗ ਦਾ ਅਲਰਟ: ਮੌਸਮ ਵਿਭਾਗ ਦੇ ਵਿਗਿਆਨੀ ਪਵਨੀਤ ਕੌਰ ਦਾ ਮੀਂਹ ਨੂੰ ਲੈਕੇ ਅਲਰਟ ਸਬੰਧੀ ਕਹਿਣਾ ਕਿ ਪੰਜਾਬ 'ਚ ਹਾਲੇ ਦੋ ਤੋਂ ਤਿੰਨ ਦਿਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਂ ਉਥੇ ਹੀ ਕਿਸਾਨਾਂ ਲਈ ਵੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਹੁਣ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਮੀਂਹ ਨਾਲ ਉਨ੍ਹਾਂ ਨੂੰ ਪਾਣੀ ਦੀ ਬਚਤ ਹੋਵੇਗੀ। ਦੱਸ ਦਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਦੀ ਸੰਭਾਵਨਾ ਜਤਾਈ ਸੀ। ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇਗਾ।
ਦਿੱਲੀ 'ਚ ਵੀ ਮੀਂਹ: ਸ਼ੁੱਕਰਵਾਰ ਦੀ ਸਵੇਰ ਦਿੱਲੀ ਦੇ ਲੋਕਾਂ ਲਈ ਵੀ ਰਾਹਤ ਭਰੀ ਰਹੀ। ਪੱਛਮੀ ਦਿੱਲੀ 'ਚ ਸਵੇਰ ਤੋਂ ਹੀ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਦਿੱਲੀ ਵਾਸੀਆਂ ਨੂੰ 15 ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਬਦਲੇ ਮੌਸਮ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਮੌਸਮ ਵਿੱਚ ਇਸ ਤਬਦੀਲੀ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਜਾ ਰਹੀ ਸੀ ਅਤੇ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੋਈ ਹੈ।
ਇਹ ਵੀ ਪੜ੍ਹੋ: ਗਲਤ ਜਗ੍ਹਾ 'ਤੇ ਖੜੀ ਕਾਰ ਦੀ ਫੋਟੋ ਭੇਜਣ 'ਤੇ ਮਿਲਣਗੇ 500 ਰੁਪਏ, ਜਾਣੋ ਨਵਾਂ ਪਲਾਨ