ਰਾਏਕੋਟ: 'ਸਵੱਛ ਭਾਰਤ ਅਭਿਆਨ-2020' ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ। ਇਨ੍ਹਾਂ ਨਤੀਜਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਨੇ ਬਹੁਤ ਵਧੀਆਂ ਕਾਰਗਰਦਗੀ ਵਿਖਾਈ ਹੈ। ਰਾਏਕੋਟ ਨੇ ਉੱਤਰ ਭਾਰਤ ਜ਼ੋਨ ਵਿੱਚੋਂ 47ਵਾਂ ਰੈਂਕ ਅਤੇ ਪੰਜਾਬ ਭਰ ਵਿੱਚੋਂ 8ਵਾਂ ਰੈਂਕ ਹਾਸਲ ਕੀਤਾ ਹੈ। ਇਸ ਸਭ ਕੁਝ ਨਗਰ ਕੌਂਸਲ ਅਤੇ ਸ਼ਹਿਰ ਵਾਸੀਆਂ ਦੀ ਮਿਹਨਤ ਤੇ ਲਗਨ ਨਾਲ ਹੀ ਸੰਭਵ ਹੋ ਸਕਿਆ ਹੈ।
ਇਸ ਬਾਰੇ ਗੱਲ ਕਰਦੇ ਹੋਏ ਨਗਰ ਕੌਂਸਲ ਦੀ ਅਧਿਕਾਰੀ ਸੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਸਫਾਈ ਦੇ ਮਾਮਲੇ ਵਿੱਚ ਸਥਿਤੀ 'ਚ ਵੱਡਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਅਤੇ ਸਮੁੱਚੇ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦੀ ਮਿਹਨਤ ਨਾਲ ਸੰਭਵ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਰਾਏਕੋਟ ਦਾ ਉੱਤਰ ਜ਼ੋਨ ਵਿੱਚ 267 ਰੈਂਕ ਸੀ, ਜਿਸ ਵਿੱਚ ਭਾਰੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸ਼ਹਿਰ ਵਿੱਚੋਂ ਕੂੜਾ ਇੱਕਠਾ ਕਰਨ ਦੀ ਵਿਧੀ 'ਚ ਸੁਧਾਰ ਕੀਤਾ ਗਿਆ। ਗਲੀਆਂ ਅਤੇ ਸੀਵਰੇਜ਼ ਦੀ ਸਫਾਈ ਬਕਾਇਦਾ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਹੀ ਪਾਰਕਾਂ ਅਤੇ ਪਾਰਕਾਂ ਦੀ ਰਹਿੰਦ ਖੂੰਦ ਨੂੰ ਵੀ ਸਹੀ ਤਰੀਕੇ ਨਾਲ ਸੰਭਿਆ ਜਾ ਰਿਹਾ ਹੈ।
ਇਸੇ ਨਾਲ ਹੀ ਨਗਰ ਕੌਂਸਲ ਦੇ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਸ਼ਹਿਰ ਦੀ ਸਫਾਈ ਵਿੱਚ ਵੱਡੀ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਤਿਆਰ ਖਾਦ ਸ਼ਹਿਰ ਵਾਸੀਆਂ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਇਸੇ ਨਾਲ ਹੀ ਕੁਝ ਸ਼ਹਿਰ ਵਾਸੀ ਗਿੱਲੇ ਕੂੜੇ ਤੋਂ ਆਪਣੇ ਘਰਾਂ ਵਿੱਚ ਹੀ ਖਾਦ ਤਿਆਰ ਕਰ ਰਹੇ ਹਨ।
ਇਸ ਨਾਲ ਹੀ ਸ਼ਹਿਰ ਵਾਸੀ ਨਿਲਮ ਨੇ ਦੱਸਿਆ ਕਿ ਨਗਰ ਕੌਂਸਲ ਦੀ ਪ੍ਰੇਰਣਾ ਨਾਲ ਉਨ੍ਹਾਂ ਨੇ ਗਿੱਲੇ ਕੂੜੇ ਤੋਂ ਆਪਣੇ ਘਰ ਵਿੱਚ ਹੀ ਖਾਦ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਦੇ ਕੂੜੇ ਦਾ ਨਿਪਟਾਰਾ ਵੀ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਬਗੀਚੀ ਨੂੰ ਮੁਫਤ ਵਿੱਚ ਖਾਦ ਮਿਲ ਜਾਂਦੀ ਹੈ।