ਲੁਧਿਆਣਾ: ਪੰਜਾਬ ਸਣੇ ਪੂਰਾ ਉੱਤਰ ਭਾਰਤ ਬੀਤੇ ਦੋ ਹਫ਼ਤਿਆਂ ਤੋਂ ਗਰਮੀ ਦੀ ਲਪੇਟ 'ਚ ਹੈ। ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ ਪਰ ਉਹ ਕੁਝ ਸਮੇਂ ਲਈ ਹੀ ਹੋਵੇਗੀ।
ਪੰਜਾਬ ਦੇ ਵਿੱਚ ਪ੍ਰੀ ਮੌਨਸੂਨ 18-19 ਜੂਨ ਨੂੰ ਦਸਤਕ ਦੇਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਵਾਣੀ ਕੀਤੀ ਗਈ ਹੈ ਪਰ ਇਸ ਦੌਰਾਨ ਤੇਜ਼ ਹਵਾਵਾਂ ਅਤੇ ਬੱਦਲਵਾਈ ਵਾਲਾ ਮੌਸਮ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਜ਼ਰੂਰ ਮਿਲੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਦੇ ਨਾਲ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਨੂੰ ਮਾਨਸੂਨ ਕਵਰ ਕਰ ਚੁੱਕਾ ਹੈ ਅਤੇ ਜੇਕਰ ਇਸੇ ਰਫ਼ਤਾਰ ਦੇ ਨਾਲ ਮਾਨਸੂਨ ਚੱਲਦਾ ਰਿਹਾ ਤਾਂ ਪੰਜਾਬ ਦੇ ਵਿੱਚ ਜੂਨ ਦੇ ਆਖਰੀ ਹਫਤੇ 'ਚ ਮਾਨਸੂਨ ਦਸਤਕ ਦੇ ਸਕਦਾ ਹੈ।