ਲੁਧਿਆਣਾ: ਪੰਜਾਬੀ ਭਾਸ਼ਾ ਨੂੰ ਮਿਆਰੀ ਥਾਂ ਦੇਣ ਅਤੇ ਲੋਕ ਮਨਾਂ ਵਿੱਚ ਹਰਮਨਪਿਆਰੀ ਬਣਾਈ ਰੱਖਣ ਲਈ ਸਰਕਾਰ ਦੇ ਫੈਸਲੇ ਉੱਤੇ ਹੁਣ ਅਮਲ ਹੋਣਾ ਸ਼ੁਰੂ ਹੋ ਗਿਆ ਹੈ। ਸੂਬਾ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਉਪਰਾਲੇ ਵੀ ਕੀਤੇ ਜਾ ਰਹੇ ਹਨ, ਜਿਸ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਸਰਕਾਰੀ ਗੈਰ ਸਰਕਾਰੀ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀਆਂ ਹਨ ਕਿ ਹੁਣ ਸਰਕਾਰੀ ਦਰਫਰਾਂ ਵਿੱਚ ਪੰਜਾਬੀ ਭਾਸ਼ਾ ਵਾਲੇ ਬੋਰਡ ਹੀ ਲਗਾਏ ਜਾਣਗੇ।
ਸਰਕਾਰ ਦਾ ਫੈਸਲਾ ਹੋ ਰਿਹਾ ਲਾਗੂ: ਮਾਨ ਸਰਕਾਰ ਦੇ ਇਸ ਹੁਕਮ ਉੱਤੇ ਅਮਲ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਵੀ ਪੰਜਾਬੀ ਭਾਸ਼ਾ ਵਾਲੇ ਬੋਰਡ ਲਗਾਏ ਜਾ ਰਹੇ ਨੇ ਤਾਂ ਜੋ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਹਾਲਾਂਕਿ ਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਬੋਰਡ ਅੰਗਰੇਜ਼ੀ ਭਾਸ਼ਾ ਵਿੱਚ ਲੱਗੇ ਹੁੰਦੇ ਸਨ। ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਭਾਸ਼ਾ ਤੋਂ ਕਈ ਵਾਰ ਹੇਠਾਂ ਲਿਖਿਆ ਵੀ ਦੇਖਿਆ ਗਿਆ ਹੈ। ਪਰ ਹੁਣ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਤੋਂ ਉਪਰ ਲਿਖਿਆ ਜਾ ਰਿਹਾ ਹੈ ਤਾਂ ਜੋ ਆਪਣੀ ਖੇਤਰੀ ਭਾਸ਼ਾ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ: BKU Dakonda: ਬੀਕੇਯੂ ਡਕੌਂਦਾ 'ਚੋਂ ਕੱਢੇ ਜਾਣ ਤੋਂ ਬਾਅਦ ਭੜਕੇ ਮਨਜੀਤ ਸਿੰਘ ਧਨੇਰ, ਕਿਹਾ- ਬੁਰਜ ਗਿੱਲ ਨੇ ਕੀਤਾ ਧੋਖਾ
ਅੰਗਰੇਜ਼ੀ ਭਾਸ਼ਾ ਵੀ ਸਮੇਂ ਦੀ ਲੋੜ: ਪੰਜਾਬੀ ਵਿੱਚ ਬੋਰਡ ਲਗਾਉਣ ਸਬੰਧੀ ਗੱਲਬਾਤ ਕਰਦੇ ਹੋਏ ਲੁਧਿਆਣਾ ਦੇ ਡੀਸੀਪੀ ਵਰਿੰਦਰ ਬਰਾੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੇ ਜਾਣ ਮੁਤਾਬਿਕ ਪਹਿਲਾਂ ਦਫ਼ਤਰਾਂ ਦੇ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਨਾਲ ਸੰਵਿਧਾਨ ਰਚੇਤਾ ਭੀਮ ਰਾਓ ਅੰਬੇਡਕਰ ਦੀ ਤਸਵੀਰਾਂ ਲੱਗੀਆਂ ਹਨ। ਉਸ ਤੋਂ ਬਾਅਦ ਜਿੰਨੇ ਵੀ ਪੁਲਿਸ ਮੁਲਾਜ਼ਮ ਹਨ ਉਨ੍ਹਾਂ ਦੀਆਂ ਨੇਮ ਪਲੇਟਾਂ ਪੰਜਾਬੀ ਭਾਸ਼ਾ ਦੇ ਵਿੱਚ ਕੀਤੀਆਂ ਗਈਆਂ ਹਨ। ਹੁਣ ਸਰਕਾਰੀ ਦਫ਼ਤਰਾਂ ਵਿੱਚ ਜਿੰਨੇ ਵੀ ਬੋਰਡ ਲੱਗੇ ਹੋਏ ਹਨ ਉਨ੍ਹਾਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅੰਗਰੇਜ਼ੀ ਭਾਸ਼ਾ ਵੀ ਸਮੇਂ ਦੀ ਲੋੜ ਹੈ ਪਰ ਆਪਣੀ ਖੇਤਰੀ ਭਾਸ਼ਾ ਨੂੰ ਵੀ ਸਾਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਤਾਮੀਰ ਹੋ ਰਹੀ ਹੈ ਅਤੇ ਅਸੀਂ ਖੁਦ ਵੀ ਦਫ਼ਤਰੀ ਕੰਮਕਾਜ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਕਰਨ ਲਈ ਯਤਨ ਕਰਦੇ ਹਨ।