ਲੁਧਿਆਣਾ : ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਠੰਡ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਵੀ ਮਾਹੌਲ ਹੋਇਆ ਹੈ। ਸੰਘਣੀ ਧੁੰਦ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਜ ਦੇ ਦਿਨ ਰੈੱਡ ਅਲਰਟ ਪੰਜਾਬ ਭਰ ਵਿੱਚ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦੋ ਦਿਨ ਤੱਕ ਔਰੇਂਜ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ। ਇਸ ਤੋਂ ਜ਼ਾਹਿਰ ਹੈ ਕਿ ਆਉਂਦੇ ਦਿਨਾਂ ਵਿੱਚ ਕੜਾਕੇ ਦੀ ਠੰਡ ਦੇ ਨਾਲ ਸੰਘਣੀ ਧੁੰਦ ਪੈਣ ਦੇ ਆਸਾਰ ਹਨ।
ਠੰਡ ਨੇ ਤੋੜੇ 50 ਸਾਲਾਂ ਦੇ ਰਿਕਾਰਡ : ਤਾਪਮਾਨ ਲਗਾਤਾਰ ਹੇਠਾ ਡਿੱਗਦੇ ਜਾ ਰਹੇ ਹਨ, ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। 14 ਜਨਵਰੀ ਵਾਲੇ ਦਿਨ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ 50 ਸਾਲਾਂ ਵਿੱਚ ਦੂਜੀ ਵਾਰ ਸਭ ਤੋਂ ਹੇਠਾਂ ਜਾਣ ਵਾਲਾ ਤਾਪਮਾਨ ਹੈ। ਇਸ ਤੋਂ ਇਲਾਵਾ, ਅੱਜ ਦਾ ਘੱਟ ਤੋਂ ਘੱਟ ਤਾਪਮਾਨ 2.4 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ, ਜੋ (Punjab Weather Update) ਆਪਣੇ ਆਪ ਵਿੱਚ ਠੰਡ ਦਰਸਾਉਂਦਾ ਹੈ।
ਫਿਲਹਾਲ ਠੰਡ ਤੋਂ ਕੋਈ ਰਾਹਤ ਨਹੀਂ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਠੰਡ ਅਤੇ ਸੰਘਣੀ ਧੁੰਦ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਵਿਖਾਈ ਦੇ ਰਹੀ ਹੈ। ਤਿੰਨ ਚਾਰ ਦਿਨ ਤੱਕ ਇਸੇ ਤਰ੍ਹਾਂ ਠੰਡ ਦਾ ਕਹਿਰ ਜਾਰੀ ਰਹੇਗਾ, ਸਗੋਂ ਹੋਰ ਆਉਣ ਵਾਲੇ ਦਿਨਾਂ ਵਿੱਚ ਠੰਡ ਵਧੇਗੀ, ਪਰ ਦੁਪਹਿਰ ਬਾਅਦ ਜ਼ਰੂਰ ਕੁਝ ਇਲਾਕਿਆਂ ਦੇ ਅੰਦਰ ਧੁੱਪ ਨਿਕਲਣ ਦੀ ਜ਼ਰੂਰ ਉਮੀਦ ਹੈ।
ਔਰੇਂਜ ਅਲਰਟ ਜਾਰੀ : ਮੌਸਮ ਵਿਗਿਆਨੀ ਪੀਏਯੂ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਫਿਲਹਾਲ ਆਉਂਦੇ ਤਿੰਨ ਚਾਰ ਦਿਨ ਤੱਕ ਮੀਂਹ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਇਲਾਕਿਆਂ ਵਿੱਚ ਧੁੱਪ ਜ਼ਰੂਰ ਨਿਕਲ ਸਕਦੀ ਹੈ, ਪਰ ਨਾਲ ਹੀ ਸੰਘਣੀ ਧੁੰਦ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਇਸੇ ਕਰਕੇ ਭਾਰਤ ਮੌਸਮ ਵਿਭਾਗ ਵੱਲੋਂ ਅੱਜ ਰੈਡ ਅਲਰਟ ਅਤੇ ਆਉਂਦੇ ਦੋ ਦਿਨ ਤੱਕ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸੜਕਾਂ 'ਤੇ ਧਿਆਨ ਰੱਖਣ ਅਤੇ ਜਰੂਰੀ ਕੰਮ ਪੈਣ 'ਤੇ ਹੀ ਨਿਕਲਣ ਉੱਥੇ ਹੀ ਲਗਾਤਾਰ ਕੜਾਕੇ ਦੀ ਠੰਡ ਦੇ ਕਰਕੇ ਸਕੂਲਾਂ ਵਿੱਚ ਵੀ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ 21 ਜਨਵਰੀ ਤੱਕ ਪੰਜਾਬ ਦੇ ਸਾਰੇ ਹੀ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।