ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਦੇ ਸਾਹਨੇਵਾਲ ਹਾਈਵੇ ਉੱਤੇ ਬਣੇ ਗੁਰਦੁਆਰਾ ਰੇਡੂ ਸਾਹਿਬ ਤੋਂ 3 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਇਸ ਦੀ ਪੁਸ਼ਟੀ ਨਾ ਤਾਂ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੇਵਾਦਾਰਾਂ ਨੇ ਕੀਤੀ ਅਤੇ ਨਾ ਹੀ ਪੁਲਿਸ ਵੱਲੋਂ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਮੰਨਿਆ ਜਾ ਰਿਹਾ ਹੈ ਕਿ ਜਿਸ ਸਮੇਂ ਤਿੰਨ ਸ਼ੱਕੀਆਂ ਦਾ ਗ੍ਰਿਫ਼ਤਾਰੀ ਹੋਈ ਉਸ ਵੇਲੇ ਜੋਗਾ ਸਿੰਘ ਵੀ ਗ੍ਰਿਫ਼ਤਾਰ 3 ਸ਼ੱਕੀਆਂ ਦੇ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜੋਗਾ ਸਿੰਘ ਨੂੰ ਅੰਮ੍ਰਿਤਪਾਲ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਉਸ ਤੋਂ ਅੰਮ੍ਰਿਤਪਾਲ ਬਾਰੇ ਕਈ ਅਹਿਮ ਖੁਲਾਸੇ ਹੋਣ ਦੀ ਅਪੀਲ ਹੈ। ਦੱਸ ਦਈਏ ਲੁਧਿਆਣਾ ਪੁਲਿਸ ਨੇ ਇਹ ਸਪੱਸ਼ਟ ਕਿਹਾ ਕਿ ਹੋ ਸਕਦਾ ਹੈ ਜੋਗਾ ਸਿੰਘ ਦੀ ਸਿਮ ਕਾਰਡ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਕਾਊਂਟਰ ਇੰਟੀਲੀਜੈਂਸ ਟੀਮ ਨੇ ਗ੍ਰਿਫ਼ਤਾਰ ਕੀਤਾ ਹੋਵੇ,ਪਰ ਲੁਧਿਆਣਾ ਪੁਲਿਸ ਵੱਲੋਂ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਸਰਚ ਆਪਰੇਸ਼ਨ: ਦੂਜੇ ਪਾਸੇ ਪੰਜਾਬ ਪੁਲਿਸ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੀ ਹੈ। ਇਸ ਦੇ ਬਾਵਜੂਦ ਅੰਮ੍ਰਿਤਪਾਲ ਆਪਣੀਆਂ ਵੀਡੀਓਜ਼ ਜਾਰੀ ਕਰਕੇ ਪੰਜਾਬ ਪੁਲਸ ਨੂੰ ਖੁੱਲ੍ਹ ਕੇ ਚੁਣੌਤੀ ਦਿੰਦਾ ਨਜ਼ਰ ਆ ਰਿਹਾ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਪੰਜਾਬ ਦੇ ਕਿਸੇ ਧਾਰਮਿਕ ਸਥਾਨ 'ਤੇ ਲੁਕਿਆ ਹੋ ਸਕਦਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬਣੇ ਕੈਂਪਾਂ 'ਚ ਵੀ ਉਸ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਰ ਉਸ ਥਾਂ 'ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ, ਜਿੱਥੇ ਉਸ ਦੇ ਲੁਕੇ ਹੋਣ ਦਾ ਸ਼ੱਕ ਹੈ।ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਖਾਸ ਤੌਰ 'ਤੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਬਠਿੰਡਾ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿੱਥੇ ਵੀ ਅੰਮ੍ਰਿਤਪਾਲ ਨਾਲ ਸਬੰਧਤ ਵਾਹਨ ਬਰਾਮਦ ਹੋਏ ਹਨ, ਉੱਥੇ ਆਸਪਾਸ ਦੇ ਸਾਰੇ ਡੇਰਿਆਂ ਵਿੱਚ ਉਸ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਪੁਲਿਸ ਇਸ ਹਫ਼ਤੇ ਤਲਾਸ਼ੀ ਮੁਹਿੰਮ ਲਈ ਡਰੋਨ ਦੀ ਮਦਦ ਵੀ ਲੈ ਰਹੀ ਹੈ।
ਬੀਤੇ ਦਿਨ ਦਲਜੀਤ ਕਲਸੀ ਨੂੰ ਵੀ ਕੀਤਾ ਗਿਆ ਸੀ ਗ੍ਰਿਫ਼ਤਾਰ: ਦੱਸ ਦਈਏ ਬੀਤੇ ਦਿਨੀ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਇੱਕ ਹੋਰ ਕਰੀਬੀ ਦਲਜੀਤ ਕਲਸੀ ਨੂੰ ਗੁਰੂਗ੍ਰਾਮ ਤੋਂ ਫੜਿਆ ਸੀ। ਇਹ ਵੀ ਜਾਣਕਾਰੀ ਮਿਲੀ ਸੀ ਕਿ ਦਲਜੀਤ ਕਲਸੀ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ। ਇਸ ਤੋਂ ਇਲਾਵਾ ਕਲਸੀ ਨੇ ਕਈ ਵਿਦੇਸ਼ੀ ਦੌਰੇ ਵੀ ਕੀਤੇ ਹਨ ਅਤੇ ਜਾਂਚ ਏਜੰਸੀਆਂ ਕੋਲ ਇਸ ਦੇ ਕਈ ਟਿਕਾਣਿਆਂ ਬਾਰੇ ਜਾਣਕਾਰੀ ਹੈ। ਕਲਸੀ ਅੰਮ੍ਰਿਤਪਾਲ ਦਾ ਸਭ ਤੋਂ ਨਜ਼ਦੀਕੀ ਦੱਸਿਆ ਜਾਂਦਾ ਹੈ ਅਤੇ ਕਲਸੀ ਪਹਿਲਾਂ ਪੰਜਾਬ ਵਿੱਚ ਮਾਡਲਿੰਗ ਜਾਂ ਫਿਲਮਾਂ 'ਚ ਕੰਮ ਕਰਦਾ ਸੀ । ਉਸ ਨੇ ਦਿੱਲੀ ਵਿੱਚ ਆਪਣਾ ਇੱਕ ਦਫ਼ਤਰ ਵੀ ਖੋਲ੍ਹਿਆ ਹੋਇਆ ਸੀ। ਪੁਲਿਸ ਹੁਣ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਨੇ ਕਿਹੜੀਆਂ ਫਿਲਮਾਂ ਅਤੇ ਮਾਡਲਿੰਗ ਪ੍ਰੋਗਰਾਮਾਂ ਨੂੰ ਪ੍ਰਮੋਟ ਕੀਤਾ ਸੀ ਅਤੇ ਇਹ ਸ਼ੋਅ ਕਿੱਥੇ ਕਰਵਾਏ ਗਏ ਸਨ ? ਹਾਲਾਂਕਿ ਕੁਝ ਸਮੇਂ ਬਾਅਦ ਉਸ ਨੇ ਇਹ ਕੰਮ ਬੰਦ ਕਰ ਦਿੱਤਾ ਅਤੇ ਗੈਂਗਸਟਰ ਨੀਰਜ ਬਵਾਨਾ ਨਾਲ ਮਿਲ ਕੇ ਫਿਰੌਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸਨ । ਇਸ ਦੌਰਾਨ ਉਸ ਦੀ ਜੇਲ੍ਹ ਵਿੱਚ ਬੰਦ ਕਈ ਗੈਂਗਸਟਰਾਂ ਨਾਲ ਦੋਸਤੀ ਹੋ ਗਈ।
ਇਹ ਵੀ ਪੜ੍ਹੋ: ਭਗੌੜੇ ਅੰਮ੍ਰਿਤਪਾਲ ਦੀ ਇੱਕ ਹੋਰ ਵੀਡੀਓ, ਕਿਹਾ ਅੱਜ ਦੀ ਤਰੀਕ ਤੱਕ ਹਾਂ ਆਜ਼ਾਦ, ਗ੍ਰਿਫ਼ਤਾਰੀ ਲਈ ਨਹੀਂ ਰੱਖੀ ਕੋਈ ਸ਼ਰਤ