ਲੁਧਿਆਣਾ: ਪੰਜਾਬ ਦੇ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਅਨੁਸਾਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਸਵੇਰੇ ਸੰਘਣੀ ਧੁੰਦ ਛਾਈ ਰਹੇਗੀ। ਵਿਭਾਗ ਨੇ ਲੋਕਾਂ ਨੂੰ ਇਸ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਅੱਜ ਸਵੇਰੇ ਵੀ ਪੰਜਾਬ ਦੇ ਕਈ ਇਲਾਕਿਆਂ ਚ ਸੰਘਣੀ ਧੁੰਦ ਦੀ ਚਾਦਰ ਨਾਲ ਢਕੇ ਹੋਏ ਹਨ। ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਵੀ ਯੈਲੋ ਅਲਰਟ ਦੀ ਪੁਸ਼ਟੀ ਕੀਤੀ ਗਈ ਹੈ। ਪੰਜਾਬ ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਜਿਵੇਂ ਕੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੋਗਾ, ਬਠਿੰਡਾ ਅਤੇ ਲੁਧਿਆਣਾ ਸ਼ਾਮਲ ਹਨ ਯੈਲੋ ਅਲਰਟ ਜਾਰੀ ਕੀਤਾ ਹੈ। PAU ਦੇ ਮੌਸਮ ਵਿਗਿਆਨੀਆਂ ਮੁਤਾਬਿਕ ਅਗਲੇ 2 ਦਿਨ੍ਹਾਂ ਤੱਕ ਮੌਸਮ ਖੁਸ਼ਕ ਰਹੇਗਾ ਪਰ ਧੁੰਦ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਤਾਪਮਾਨ ਵਿੱਚ ਤਬਦੀਲੀਆਂ: ਮੌਸਮ ਦੇ ਵਿੱਚ ਆ ਰਹੀਆਂ ਤਬਦੀਲੀਆਂ ਦੇ ਕਾਰਨ ਤਾਪਮਾਨ ਵਿੱਚ ਵੀ ਕਾਫੀ ਫਰਕ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਜੇਕਰ ਇਸ ਸਾਲ ਦਾ ਰਿਕਾਰਡ ਵੇਖਿਆ ਜਾਵੇ ਤਾਂ ਜਿੱਥੇ ਇੱਕ ਪਾਸੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਦੇ ਕਰੀਬ ਹੁੰਦਾ ਉੱਥੇ ਹੀ ਕੱਲ ਦਾ ਤਾਪਮਾਨ 21 ਡਿਗਰੀ ਦੇ ਕਰੀਬ ਸੀ, ਜਦੋਂ ਕਿ ਦੂਜੇ ਪਾਸੇ ਘੱਟ ਤੋਂ ਘੱਟ ਤਾਪਮਾਨ ਜੋ ਕਿ ਸੱਤ ਤੋਂ ਅੱਠ ਡਿਗਰੀ ਦੇ ਵਿਚਕਾਰ ਰਹਿੰਦਾ ਹੈ ਉਹ ਲਗਭਗ ਪੰਜ ਡਿਗਰੀ ਦੇ ਨੇੜੇ ਹੈ । ਇਸ ਕਰਕੇ ਤਾਪਮਾਨ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਹੀ ਕਾਰਨ ਹੈ ਕਿ ਧੁੰਦ ਜਿਆਦਾ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ ਇਸੇ ਕਰਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਦੂਜੇ ਪਾਸੇ ਧੁੰਦ ਅਤੇ ਠੰਢ ਕਾਰਨ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਤੱਕ ਡਿੱਗ ਗਿਆ। ਮੰਗਲਵਾਰ ਨੂੰ ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਤਾਪਮਾਨ 6.0 ਡਿਗਰੀ, ਲੁਧਿਆਣਾ ਦਾ 7.1 ਡਿਗਰੀ, ਪਟਿਆਲਾ ਦਾ 7.0 ਡਿਗਰੀ, ਪਠਾਨਕੋਟ ਦਾ 7.9 ਡਿਗਰੀ, ਬਠਿੰਡਾ ਦਾ 6.0 ਡਿਗਰੀ, ਗੁਰਦਾਸਪੁਰ ਦਾ 7.2 ਡਿਗਰੀ, ਫਤਿਹਗੜ੍ਹ ਸਾਹਿਬ ਦਾ 6.5 ਡਿਗਰੀ, ਫ਼ਿਰੋਜ਼ਪੁਰ ਦਾ 6.0 ਡਿਗਰੀ ਅਤੇ ਰੋਸ਼ਨੀ ਦਾ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।