ਲੁਧਿਆਣਾ: ਰੇਡੀਮੇਟ ਗਾਰਮੈਂਟ ਐਸੋਸੀਏਸ਼ਨ ਵੱਲੋਂ ਹੌਜ਼ਰੀ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਦੇਸ਼ ਭਰ ਤੋਂ ਕਾਰੋਬਾਰੀ ਪਹੁੰਚ ਰਹੇ ਹਨ। ਇਸ ਪ੍ਰਦਰਸ਼ਨੀ ਦੇ ਉਦਘਾਟਨ ਵੇਲ੍ਹੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਆਤਮ ਨਗਰ ਤੋਂ ਕੁਲਵੰਤ ਸਿੱਧੂ ਨੇ ਇਸ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ, ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਲੁਧਿਆਣਾ ਵਿੱਚ 50 ਏਕੜ ਜ਼ਮੀਨ ਵਿਸ਼ੇਸ਼ ਤੌਰ ਉੱਤੇ ਪ੍ਰਦਰਸ਼ਨੀ ਲਗਾਉਣ ਲਈ ਦੇਣ ਜਾ ਰਹੀ ਹੈ।
ਪੁਰਾਣੀਆਂ ਸਰਕਾਰਾਂ ਨੇ ਕੰਮ ਖ਼ਰਾਬ ਕੀਤਾ: ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਸੀਐਮ ਭਗਵੰਤ ਮਾਨ ਲੁਧਿਆਣਾ ਆਏ ਸੀ, ਤਾਂ ਉਦੋਂ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਸੀ ਅਤੇ 25 ਏਕੜ ਜ਼ਮੀਨ ਸੀਐਮ ਮਾਨ ਨੇ ਦੇਣ ਦੀ ਗੱਲ ਕਹੀ ਸੀ, ਪਰ ਐਮਐਲਏ ਦੀ ਫਰਿਆਦ ਉੱਤੇ 50 ਏਕੜ ਜ਼ਮੀਨ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਕਾਰੋਬਾਰੀ ਮਹਿੰਗੇ ਹੋਟਲਾਂ ਵਿੱਚ ਪ੍ਰਦਰਸ਼ਨੀਆਂ ਲਾਉਂਦੇ ਹਨ ਜਿਸ ਕਰਕੇ ਉਨ੍ਹਾਂ ਦਾ ਜ਼ਿਆਦਾ ਖ਼ਰਚਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ 70 ਸਾਲ ਵਿੱਚ ਪੁਰਾਣੀਆਂ ਸਰਕਾਰਾਂ ਨੇ ਕੰਮ ਖ਼ਰਾਬ ਕੀਤੇ ਹਨ, ਉਨ੍ਹਾਂ ਨੂੰ ਸੁਧਾਰਨ ਲਈ ਸਮਾਂ ਲੱਗ ਰਿਹਾ ਹੈ।
ਪ੍ਰਦਰਸ਼ਨੀ ਲਈ 15 ਹਜ਼ਾਰ ਤੋਂ ਵੱਧ ਪ੍ਰੀ ਰਜਿਸਟਰੀਆਂ ਹੋਈਆਂ: ਆਪ ਐਮਐਲਏ ਦਲਜੀਤ ਭੋਲਾ ਨੇ ਕਿਹਾ ਕਿ ਅਸੀਂ ਕਾਰੋਬਾਰੀਆਂ ਦੇ ਸੁਝਾਅ ਸਨਅਤ ਨੀਤੀ ਵਿੱਚ ਸ਼ਾਮਿਲ ਕੀਤੇ ਹਨ ਅਤੇ ਉਸ ਵਿੱਚ ਲਗਾਤਾਰ ਕਾਰੋਬਾਰੀਆਂ ਦੇ ਸੁਝਾਅ ਦੇ ਮੁਤਾਬਕ ਅਸੀਂ ਸੋਧ ਵੀ ਕਰ ਰਹੇ ਹਨ। ਇਸ ਦੌਰਾਨ ਐਗਜ਼ੀਬਿਸ਼ਨ ਦੇ ਮੁੱਖ ਪ੍ਰਬੰਧਕ ਸੰਦੀਪ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ 1500 ਤੋਂ ਵਧੇਰੇ ਪ੍ਰੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕੋਨੇ ਕੋਨੇ ਤੋਂ ਕਾਰੋਬਾਰੀ ਆ ਰਹੇ ਹਨ। ਸਾਨੂੰ ਉਮੀਦ ਹੈ ਕਿ ਇਹ ਪ੍ਰਦਰਸ਼ਨੀ ਬੀਤੇ ਸਾਰੇ ਰਿਕਾਰਡ ਤੋੜ ਕੇ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਲੁਧਿਆਣਾ ਦੇ 150 ਦੇ ਕਰੀਬ ਵਪਾਰੀਆਂ ਨੇ ਹਿੱਸਾ ਲਿਆ ਹੈ ਤੇ ਸਾਨੂੰ 3 ਦਿਨਾਂ ਵਿੱਚ ਕਰੋੜਾਂ ਦਾ ਵਪਾਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦਾ ਚੰਗਾ ਸਮਰਥਨ ਮਿਲ ਰਿਹਾ ਹੈ।