ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੁਆਂਢੀ ਸੂਬਿਆਂ ਵਿੱਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਬਰਡ ਫਲੂ ਦੇ ਫੈਲਾਅ ਦੇ ਮੱਦੇਨਜ਼ਰ ਸੂਬੇ ਨੂੰ 'ਕੰਟਰੋਲਡ ਏਰੀਆ' ਐਲਾਨਿਆ ਗਿਆ ਹੈ। ਇੱਕ ਹੋਰ ਵੱਡੇ ਫੈਸਲੇ ਤਹਿਤ ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੱਕ ਤੁਰੰਤ ਪ੍ਰਭਾਵ ਨਾਲ ਪੰਜਾਬ ਰਾਜ ਵਿੱਚ ਪੋਲਟਰੀ ਅਤੇ ਬਿਨਾਂ ਪ੍ਰੋਸੈਸ ਵਾਲੇ ਪੋਲਟਰੀ ਮੀਟ ਸਮੇਤ ਜੀਵਿਤ ਪੰਛੀਆਂ ਦੇ ਆਯਾਤ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਫ਼ੈਸਲੇ ਨੂੰ ਅਗਾਮੀ ਸਥਿਤੀ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ। ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ ਕੇ ਜੰਜੂਆ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਰਡ ਫਲੂ ਦੇ ਫੈਲਾਅ ਨੂੰ ਰੋਕਣ ਲਈ ਇਹ ਦੋਵੇਂ ਫ਼ੈਸਲੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਲਏ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਫ਼ੈਸਲੇ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਇਨਫੈਕਸ਼ਨ ਐਂਡ ਕੰਤਾਜ਼ੀਅਸ ਡਜੀਸਜ਼ ਐਕਟ 2009 ਤਹਿਤ ਸੂਚੀਬੱਧ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਸੰਬੰਧਿਤ ਧਰਾਵਾਂ ਅਨੁਸਾਰ ਲਏ ਗਏ ਹਨ।