ਲੁਧਿਆਣਾ: ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨੀ ਨੂੰ ਅਤੇ ਖਾਸ ਕਰਕੇ ਸਹਾਇਕ ਧੰਦਿਆਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ ਸੀਐਮ ਪੰਜਾਬ ਬੈਸਟ ਕਿਸਾਨ ਐਵਾਰਡ ਦੀ ਤਜਵੀਜ਼ ਰੱਖੀ ਗਈ ਹੈ, ਜੋ ਕਿ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਦੌਰਾਨ ਐਲਾਨੀ ਜਾਵੇਗੀ। ਕਿਸਾਨ ਮੇਲਾ ਸਾਲ ਵਿੱਚ ਦੋ ਵਾਰੀ ਮਾਰਚ ਅਤੇ ਸਤੰਬਰ ਮਹੀਨੇ ਵਿੱਚ ਲੱਗਦਾ ਹੈ। ਮਾਰਚ ਵਿੱਚ ਹੋਣ ਵਾਲੇ ਕਿਸਾਨ ਮੇਲੇ ਲਈ ਕਿਸਾਨ ਐਵਾਰਡ ਹਾਸਿਲ ਕਰਨ ਲਈ 31 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ ਜਿਸ ਸਬੰਧੀ ਜੋ ਯੂਨੀਵਰਸਿਟੀ ਦੀ ਵੈੱਬਸਾਈਟ ਉੱਤੇ ਜਾ ਕੇ ਮਾਮੂਲੀ ਜਿਹੀ ਫੀਸ ਦੇ ਕੇ ਆਪਣੀ ਖੇਤੀ ਸਬੰਧੀ ਐਵਾਰਡ ਲੈਣ ਲਈ ਰਜਿਸਟਰ ਕਰ ਸਕਦੇ ਹਨ।
ਚਾਰ ਕੈਟੇਗਰੀਆਂ ਤਹਿਤ ਹੋਵੇਗੀ ਸੈਲੇਕਸ਼ਨ: ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਪਰਕਾਸ਼ ਸਿੰਘ ਬਰਾੜ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੁੱਲ ਚਾਰ ਕੈਟਾਗਰੀਆਂ ਵਿੱਚ ਇਹ ਇਨਾਮ ਰੱਖੇ ਗਏ ਹਨ। ਸਭ ਤੋਂ ਪਹਿਲਾਂ ਇਨਾਮ 21 ਹਜ਼ਾਰ ਰੁਪਏ ਦਾ ਹੈ ਜਿਸ ਵਿੱਚ ਪੰਜਾਬ ਦੇ ਸਭ ਤੋਂ ਚੰਗੇ ਮੱਝ ਪਾਲਕ ਨੂੰ ਇਹ ਇਨਾਮ ਦਿੱਤਾ ਜਾਵੇਗਾ। ਦੂਜਾ ਇਨਾਮ ਸਭ ਤੋਂ ਚੰਗੇ ਫਿਸ਼ ਫਾਰਮ ਨੂੰ, ਤੀਜਾ ਇਨਾਮ ਸਭ ਤੋਂ ਚੰਗੇ ਪਿਗਰੀ ਫਾਰਮ ਅਤੇ ਚੌਥਾ ਇਨਾਮ ਸਭ ਤੋਂ ਚੰਗੇ ਬੱਕਰੀ ਫਾਰਮ ਨੂੰ ਦਿੱਤਾ ਜਾਵੇਗਾ।
ਕਿਸਾਨਾਂ ਦੇ ਫਾਰਮ ਇੰਝ ਹੋਣਗੇ ਸ਼ਾਰਟ ਲਿਸਟ: ਇਸ ਸਬੰਧੀ ਯੂਨੀਵਰਸਿਟੀ ਦੀ ਬਕਾਇਦਾ ਟੀਮਾਂ ਵੱਲੋਂ ਚੋਣ ਕੀਤੇ ਗਏ ਕਿਸਾਨਾਂ ਦੇ ਫਾਰਮਾਂ 'ਤੇ ਜਾ ਕੇ ਜਾਇਜ਼ਾ ਲਿਆ ਜਾਵੇਗਾ ਜਿਸ ਤੋਂ ਬਾਅਦ ਜੇਕਰ ਟੀਮ ਨੂੰ ਲੱਗੇਗਾ ਕਿ ਉਹ ਪੰਜਾਬ ਦੀ ਕਿਸਾਨੀ ਨੂੰ ਕੋਈ ਨਵੀਂ ਦੇਣ ਦੇ ਰਹੇ ਹਨ ਅਤੇ ਉਨ੍ਹਾਂ ਦੇ ਫਾਰਮ ਬਾਕੀਆਂ ਨਾਲੋਂ ਵੱਖਰਾ ਹੈ ਅਤੇ ਇਸ ਸਹਾਇਕ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਦਾ ਇਹ ਪ੍ਰੋਜੈਕਟ ਬਾਕੀ ਕਿਸਾਨਾਂ ਲਈ ਚਾਨਣ ਮੁਨਾਰਾ ਬਣ ਸਕਦਾ ਹੈ, ਤਾਂ ਉਨ੍ਹਾਂ ਨੂੰ ਸ਼ਾਰਟਲਿਸਟ ਕਰਕੇ ਮੁੱਖ ਮੰਤਰੀ ਐਵਾਰਡ ਲਈ ਸ਼ਾਮਿਲ ਕਰ ਲਿਆ ਜਾਵੇਗਾ। ਫਿਰ ਕਿਸਾਨ ਮੇਲੇ ਵਾਲੇ ਦਿਨ ਇਨ੍ਹਾਂ ਵਿੱਚੋਂ ਬੈਸਟ ਚਾਰ ਇਨਾਮ ਕੱਢੇ ਜਾਣਗੇ, ਜਿਨ੍ਹਾਂ ਨੂੰ ਕੈਸ਼ ਦੇ ਨਾਲ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ, ਜੋ ਕਿ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੋਵੇਗੀ।
ਸਹਾਇਕ ਧੰਦਿਆਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇਗਾ: ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਵਿਭਾਗ ਦੇ ਡਾਕਟਰ ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨਾਂ ਨੂੰ ਇਸ ਨਾਲ ਪ੍ਰੇਰਨਾ ਮਿਲੇਗੀ ਅਤੇ ਪੰਜਾਬ ਦੇ ਵਿੱਚ ਸਹਾਇਕ ਧੰਦਿਆਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਨੌਜਵਾਨ ਕਿਸਾਨ ਸਾਇੰਸ ਰਾਹੀਂ ਯੂਨੀਵਰਸਿਟੀ ਦੇ ਨਾਲ ਜੁੜ ਕੇ ਵੱਧ ਤੋਂ ਵੱਧ ਤਕਨੀਕ ਹਾਸਿਲ ਕਰਕੇ ਸਹਾਇਕ ਧੰਦਿਆਂ ਵੱਲ ਜੁੜ ਰਹੇ ਹਨ ਅਤੇ ਖੇਤੀ ਨਾਲੋਂ ਜਿਆਦਾ ਮੁਨਾਫਾ ਕਮਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਸਾਡੇ ਵੱਖ-ਵੱਖ ਅਦਾਰਿਆਂ ਤੋਂ ਸਿਖਲਾਈ ਵੀ ਹਾਸਿਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਉੱਤੇ ਫਿਸ਼ਰੀ ਫਾਰਮ ਤੇ ਪਿਗਰੀ ਫਾਰਮ ਆਦਿ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਬਹੁਤ ਘੱਟ ਕੀਮਤਾਂ ਉੱਤੇ ਉਹ ਇਹ ਜਾਣਕਾਰੀ ਹਾਸਿਲ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। ਇਸ ਤੋਂ ਇਲਾਵਾ ਪਰਕਾਸ਼ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਤੋਂ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ ਉਨ੍ਹਾਂ ਨੂੰ ਯੂਨੀਵਰਸਿਟੀ ਨਾਲ ਜੁੜੇ ਰਹਿਣ ਦੀ ਲੋੜ ਹੈ।