ਲੁਧਿਆਣਾ: ਦਿੱਲੀ ਵਿੱਚ ਰਵਿਦਾਸ ਮੰਦਰ ਨੂੰ ਤੋੜਨ ਦੇ ਰੋਸ ਵਜੋਂ ਮੰਗਲਵਾਰ ਨੂੰ ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਬੰਦ ਦਾ ਅਸਰ ਲੁਧਿਆਣਾ 'ਚ ਵੀ ਵੇਖਣ ਨੂੰ ਮਿਲਿਆ ਜਿੱਥੇ ਰਵਿਦਾਸ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਸੜਕਾਂ 'ਤੇ ਜਾਮ ਲਾ ਦਿੱਤਾ ਗਿਆ ਅਤੇ ਆਉਣ ਜਾਣ ਵਾਲੇ ਟ੍ਰੈਫਿਕ ਨੂੰ ਬੰਦ ਕਰ ਦਿੱਤਾ। ਧਰਨੇ ਦੌਰਾਨ ਰਾਹਗੀਰ ਵੀ ਪ੍ਰਦਰਸ਼ਨਕਾਰੀਆਂ ਨਾਲ ਬਹਿਸ ਕਰਦੇ ਵਿਖਾਈ ਦਿੱਤੇ।
ਧਰਨਾ ਲਾ ਰਹੇ ਰਵਿਦਾਸ ਭਾਈਚਾਰੇ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਮੋਦੀ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮਕਸਦ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਭਾਈਚਾਰੇ ਵੱਲੋਂ ਪਹਿਲਾਂ ਹੀ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਗਿਆ ਸੀ ਇਸ ਕਰਕੇ ਲੋਕਾਂ ਨੂੰ ਘਰਾਂ ਚੋਂ ਹੀ ਨਹੀਂ ਨਿਕਲਣਾ ਚਾਹੀਦਾ ਸੀ। ਉਨ੍ਹਾਂ ਨੇ ਭਾਰਤ ਸਰਕਾਰ ਖਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਪਿਛੜੇ ਵਰਗ ਨਾਲ ਮੁੱਢ ਤੋਂ ਹੀ ਧੱਕਾ ਹੁੰਦਾ ਆ ਰਿਹਾ ਹੈ ਅਤੇ ਮੋਦੀ ਸਰਕਾਰ ਆਉਣ ਮਗਰੋਂ ਉਨ੍ਹਾਂ ਨੂੰ ਹੋਰ ਵੀ ਦਬਾਇਆ ਜਾ ਰਿਹਾ ਹੈ।
ਲੁਧਿਆਣਾ-ਜਲੰਧਰ ਕੌਮੀਸਾਰਾਂ ਨੂੰ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਵੱਲੋਂ ਵੀ ਰਵਿਦਾਸ ਭਾਈਚਾਰੇ ਦੀ ਹਮਾਇਤ ਕੀਤੀ ਗਈ ਅਤੇ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੇ ਮੋਦੀ ਦੇ ਅਸਤੀਫੇ ਦੀ ਮੰਗ ਅਤੇ ਮੰਦਰ ਦੀ ਮੁੜ ਉਸਾਰੀ ਦੀ ਵੀ ਮੰਗ ਕੀਤੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਨਾਲ ਧੱਕਾ ਕੀਤਾ ਹੈ ਜਿਸ ਨੂੰ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ ਚ 3000 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹੈ।