ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੇ ਨਤੀਜਿਆਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਉਸ ਦੇ ਗੜ੍ਹ ਵਿੱਚ ਵੱਡੀ ਸੰਨ੍ਹ ਲਾ ਕੇ 14 ਵਿੱਚੋਂ 13 ਸੀਟਾਂ ਹਾਸਿਲ ਕੀਤੀਆਂ ਪਰ ਮੁੱਲਾਂਪੁਰ ਦਾਖਾ ਦੀ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੇਐਨਐੱਸ ਕੰਗ ਦੇ ਹੱਥੋਂ ਖੁੰਝ ਗਈ। ਆਖਿਰਕਾਰ ਆਮ ਆਦਮੀ ਪਾਰਟੀ ਦੀ ਤੂਫਾਨੀ ਲਹਿਰ ਹੋਣ ਦੇ ਬਾਵਜੂਦ ਲੁਧਿਆਣਾ ਦੀ ਹੀ ਇੱਕ ਸੀਟ ਉਨ੍ਹਾਂ ਦੇ ਹੱਥੋਂ ਕਿਉਂ ਖੁੰਝੀ ਹੈ ਇਹ ਇਕ ਘੋਖ ਦਾ ਵਿਸ਼ਾ ਹੈ। ਵੇਖੋ ਕਿਹੜੇ ਕਾਰਨ ਕਰਕੇ ਹਾਰੀ ਆਪ ਇਹ ਸੀਟ...
ਐਚਐਸ ਫੂਲਕਾ ਪ੍ਰਤੀ ਨਾਰਾਜ਼ਗੀ
ਦਰਅਸਲ ਸਾਲ 2017 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ ਤਾਂ ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਨੇ 1984 ਸਿੱਖ ਦੰਗਿਆਂ ਦੇ ਕੇਸ ਲੜ ਰਹੇ ਐੱਚਐੱਸ ਫੂਲਕਾ ਨੂੰ ਟਿਕਟ ਦਿੱਤੀ ਸੀ। ਐਚ ਐਸ ਫੂਲਕਾ ਇਸ ਸੀਟ ਤੋਂ 58,923 ਵੋਟਾਂ ਲੈ ਕੇ ਜਿੱਤੇ ਸਨ ਜਦੋਂ ਕਿ ਦੂਜੇ ਨੰਬਰ ’ਤੇ ਮਨਪ੍ਰੀਤ ਇਯਾਲੀ ਰਹੇ ਅਤੇ ਤੀਜੇ ਨੰਬਰ ’ਤੇ ਕਾਂਗਰਸ ਦੇ ਮੇਜਰ ਸਿੰਘ ਭੈਣੀ। ਮੁੱਲਾਂਪੁਰ ਦਾਖਾ ਦੇ ਲੋਕਾਂ ਨੇ ਪੈਰਾਸ਼ੂਟ ਕੈਂਡੀਡੇਟ ਹੋਣ ਦੇ ਬਾਵਜੂਦ ਐੱਚ ਐੱਸ ਫੂਲਕਾ ਨੂੰ ਆਪਣਾ ਵੋਟ ਦਿੱਤਾ ਪਰ ਐੱਚ ਐੱਸ ਫੂਲਕਾ ਨੇ ਇੱਕ ਸਾਲ ਬਾਅਦ ਹੀ ਇਹ ਕਹਿ ਕੇ ਅਸਤੀਫ਼ਾ ਦੇ ਕੇ ਆਪਣੀ ਸੀਟ ਛੱਡ ਦਿੱਤੀ ਕਿ ਉਹ 1984 ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ਪੈਰਵੀ ਕਰ ਰਹੇ ਹਨ ਅਤੇ ਇੱਥੇ ਆ ਕੇ ਉਹ ਇਸ ਹਲਕੇ ਵੱਲ ਧਿਆਨ ਨਹੀਂ ਦੇ ਸਕਦੇ।
ਵਿਧਾਇਕ ਤੋਂ ਸੱਖਣੇ ਰਹੇ ਹਲਕਾਵਾਸੀ
2019 ਵਿੱਚ ਮੁੱਲਾਂਪੁਰ ਦਾਖਾ ਹਲਕੇ ਦੀ ਜ਼ਿਮਨੀ ਚੋਣ ਹੋਈ ਸੀ ਜਿਸ ਵਿੱਚ ਮਨਪ੍ਰੀਤ ਇਯਾਲੀ ਨੂੰ 66,297 ਵੋਟਾਂ ਪਈਆਂ ਹਾਲਾਂਕਿ ਜ਼ਿਮਨੀ ਚੋਣਾਂ ’ਚ ਕਾਂਗਰਸ ਨੇ ਆਪਣੀ ਟਿਕਟ ਬਦਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਸੰਦੀਪ ਸੰਧੂ ਨੂੰ ਦਿੱਤੀ ਜੋ ਦੂਜੇ ਨੰਬਰ ’ਤੇ ਰਹੇ। ਉਨ੍ਹਾਂ ਨੂੰ ਕੁੱਲ 51,625 ਵੋਟਾਂ ਪਈਆਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਇਹ ਸੀਟ ਸੀ ਜਿੱਥੋਂ ਐੱਚ ਐੱਸ ਫੂਲਕਾ ਨੇ ਅਸਤੀਫ਼ਾ ਦਿੱਤਾ ਜਿਸ ਤੋਂ ਬਾਅਦ ਅਮਨਦੀਪ ਮੋਹੀ ਨੂੰ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ਚ ਖੜਾਇਆ ਤੇ ਮੋਹੀ ਨੂੰ ਮੁੱਲਾਂਪੁਰ ਹਲਕੇ ਤੋਂ ਮਹਿਜ਼ 2804 ਵੋਟਾਂ ਹੀ ਪਈਆਂ। ਲੋਕਾਂ ਨੇ ਆਪਣਾ ਗੁੱਸਾ ਰੱਜ ਕੇ ਆਮ ਆਦਮੀ ਪਾਰਟੀ ’ਤੇ ਕੱਢਿਆ ਅਤੇ ਭੜਾਸ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੇ ਮੋਹੀ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ।
ਮਨਪ੍ਰੀਤ ਇਯਾਲੀ ਦੀ ਪ੍ਰਸਿੱਧੀ
ਦਰਅਸਲ ਮਨਪ੍ਰੀਤ ਇਯਾਲੀ ਨੇ ਉਸ ਵੇਲੇ ਅਕਾਲੀ ਦਲ ਦੀ ਜ਼ਿਮਨੀ ਚੋਣ ਵਿੱਚ ਸੀਟ ਜਿੱਤ ਪਾਰਟੀ ਦੀ ਝੋਲੀ ਪਾਈ ਜਦੋਂ ਅਕਾਲੀ ਦਲ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿਚ ਵੀ ਨਹੀਂ ਸੀ। ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੀਜੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਿਆ ਸੀ। ਮਨਪ੍ਰੀਤ ਇਯਾਲੀ ਲੁਧਿਆਣਾ ਦੇ ਮੁਲਾਂਪੁਰ ਦਾਖਾ ਹਲਕੇ ਦੇ ਰਹਿਣ ਵਾਲੇ ਪੁਰਾਣੇ ਅਕਾਲੀ ਦਲ ਦੇ ਲੀਡਰ ਹਨ ਅਤੇ 2012 ਦੇ ਵਿੱਚ ਉਹ ਵਿਧਾਇਕ ਬਣੇ ਸਨ। ਇਸ ਦੌਰਾਨ ਉਨ੍ਹਾਂ ਨੇ ਹਲਕੇ ਸਰਬਪੱਖੀ ਵਿਕਾਸ ਕਰਵਾਇਆ ਸੀ ਪਰ 2017 ਵਿਚ ਉਹ ਫੂਲਕਾ ਤੋਂ ਥੋੜ੍ਹੀਆਂ ਵੋਟਾਂ ਨਾਲ ਹੀ ਹਾਰ ਗਏ ਸਨ ਪਰ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੇ ਵੱਡੀ ਜਿੱਤ ਦਰਜ ਕੀਤੀ ਅਤੇ ਹਲਕੇ ਦੇ ਲੋਕਾਂ ਦੇ ਕੰਮ ਵੀ ਕਰਵਾਏ। ਇੱਥੋਂ ਤੱਕ ਕਿ ਜਦੋਂ ਫੂਲਕਾ ਹਲਕਾ ਛੱਡ ਗਏ ਸਨ ਉਦੋਂ ਵੀ ਲੋਕ ਆਪਣੇ ਕੰਮ ਕਰਵਾਉਣ ਲਈ ਮਨਪ੍ਰੀਤ ਇਯਾਲੀ ਕੋਲ ਜਾਂਦੀ ਰਹੇ।
ਇਹੀ ਕਾਰਨ ਹੈ ਕਿ ਇਸ ਵਾਰ ਵੀ ਮਨਪ੍ਰੀਤ ਇਯਾਲੀ ਨੂੰ 49,909 ਵੋਟਾਂ ਪਈਆਂ ਜਦੋਂ ਕਿ ਕੈਪਟਨ ਸੰਦੀਪ ਸੰਧੂ ਦੂਜੇ ਨੰਬਰ ’ਤੇ ਰਹੇ ਉਨ੍ਹਾਂ ਨੂੰ ਕੁੱਲ 43,931 ਵੋਟਾਂ ਪਈਆਂ ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੇਐਨਐੱਸ ਕੰਗ ਤੀਜੇ ਨੰਬਰ ’ਤੇ ਰਹੇ ਉਨ੍ਹਾਂ ਨੂੰ ਕੁੱਲ 42, 647 ਵੋਟਾਂ ਪਈਆਂ ਹਨ।
ਇਹ ਵੀ ਪੜ੍ਹੋ:MCD ਚੋਣਾਂ ਮੁਲਤਵੀ ਹੋਣ 'ਤੇ ਭੜਕੇ ਕੇਜਰੀਵਾਲ, ਕਿਹਾ- 'ਕੇਂਦਰ ਅੱਗੇ ਝੁਕਿਆ ਚੋਣ ਕਮਿਸ਼ਨ'