ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕੇ ਤੋਂ ਰਮਨਜੀਤ ਲਾਲੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ।
ਕੁੱਲੀ ’ਚ ਬਣਾਇਆ ਚੋਣ ਦਫਤਰ
ਆਜ਼ਾਦ ਉਮੀਦਵਾਰ ਰਮਨਜੀਤ ਲਾਲੀ ਨੇ ਚੋਣ ਪ੍ਰਚਾਰ ਦਾ ਅਨੋਖਾ ਢੰਗ ਅਪਣਾਇਆ ਹੈ। ਉਨ੍ਹਾਂ ਚੋਣ ਪ੍ਰਚਾਰ ਦੇ ਲਈ ਆਪਣਾ ਮੁੱਖ ਚੋਣ ਦਫਤਰ ਇੱਕ ਝੁੱਗੀ ਵਿੱਚ ਖੋਲ੍ਹਿਆ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਰਮਨਜੀਤ ਨੇ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਸਨ ਪਰ ਜਦੋਂ ਟਿਕਟ ਦੇਣ ਦਾ ਸਮਾਂ ਆਇਆ ਤਾਂ ਫਿਰ ਅਜਿਹੇ ਵਿਧਾਇਕਾਂ ਨੂੰ ਟਿਕਟ ਦੇ ਦਿੱਤੀ ਗਈ ਜੋ ਲਗਾਤਾਰ ਕਈ ਵਾਰ ਤੋਂ ਜਿੱਤਦਾ ਆ ਰਿਹਾ ਬੁੱਢਾ ਹੋ ਚੁੱਕਾ ਹੈ ਅਤੇ ਹੁਣ ਵੀ ਉਸ ਨੂੰ ਰਿਟਾਇਰ ਨਹੀਂ ਕੀਤਾ ਗਿਆ।
ਸਿਆਸਤ ’ਚ ਪਰਿਵਾਰਵਾਦ ’ਤੇ ਚੁੱਕੇ ਸਵਾਲ
ਰਮਨਜੀਤ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਸਾਡੇ ਵਰਗਿਆਂ ਦੀ ਵਾਰੀ ਕਦੋਂ ਆਵੇਗੀ ਕਿਉਂਕਿ ਜਦੋਂ ਪੁਰਾਣੇ ਵਿਧਾਇਕ ਰਿਟਾਇਰ ਹੋਣ ਦਾ ਸਮਾਂ ਆਉਂਦਾ ਹੈ ਉਦੋਂ ਉਨ੍ਹਾਂ ਦੇ ਬੇਟੇ ਤਿਆਰ ਹੋ ਜਾਂਦੇ ਹਨ ਅਤੇ ਟਿਕਟਾਂ ਵੇਲੇ ਪਰਿਵਾਰਵਾਦ ਭਾਰੂ ਰਹਿੰਦਾ ਹੈ।
ਕੁੱਲੀ ਚੋਣ ਨਿਸ਼ਾਨ ਦੀ ਮੰਗ
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ। ਆਜ਼ਾਦ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਨੇ ਕਿਹਾ ਕਿ ਜੇਕਰ ਕੁੱਲੀ ਹੀ ਚੋਣ ਨਿਸ਼ਾਨ ਮਿਲ ਜਾਵੇ ਤਾਂ ਹੋਰ ਵੀ ਚੰਗਾ ਹੋਵੇਗਾ ਜਿਸ ਕਰਕੇ ਉਨ੍ਹਾਂ ਨੇ ਡੀਸੀ ਸਾਹਿਬ ਨੂੰ ਇਹ ਮੰਗ ਵੀ ਕੀਤੀ ਹੈ।
'ਸਰਕਾਰਾਂ ਨੇ ਦਲਿਤ ਸਮਾਜ ਨੂੰ ਹਮੇਸ਼ਾ ਅਣਗੌਲਿਆਂ ਕੀਤਾ'
ਰਮਨਜੀਤ ਨੇ ਕਿਹਾ ਕਿ ਉਹ ਦਲਿਤ ਸਮਾਜ ਤੋਂ ਆਉਂਦੇ ਹਨ ਪਰ ਅੱਜ ਤੱਕ ਦਲਿਤ ਸਮਾਜ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨ ਲਈ ਅੱਜ ਚੋਣ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਲੜਨ ਦਾ ਉਨ੍ਹਾਂ ਦਾ ਪਹਿਲਾਂ ਕੋਈ ਮਨ ਨਹੀਂ ਸੀ ਪਰ ਰਾਜਨੀਤਿਕ ਪਾਰਟੀਆ ਦੇ ਫ਼ੈਸਲਿਆਂ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਚੋਣਾਂ ਲੜਨ ਦਾ ਫ਼ੈਸਲਾ ਲਿਆ।
ਕੁਲਦੀਪ ਵੈਦ ’ਤੇ ਚੁੱਕੇ ਸਵਾਲ
ਰਮਨਜੀਤ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਲੀਡਰਾਂ ਨੇ ਉਨ੍ਹਾਂ ਨੂੰ ਵੱਡੇ ਵੱਡੇ ਵਾਅਦੇ ਤਾਂ ਕੀਤੇ ਪਰ ਜਦੋਂ ਉਨ੍ਹਾਂ ਦੇ ਦਿਨ ਦਾ ਸਮਾਂ ਆਇਆ ਤਾਂ ਉਨ੍ਹਾਂ ਨੂੰ ਆਪਣੇ ਪੁੱਤਰ ਜਾਂ ਖ਼ੁਦ ਨੂੰ ਹੀ ਯਾਦ ਕੀਤਾ ਗਿਆ। ਉਨ੍ਹਾਂ ਕੁਲਦੀਪ ਵੈਦ ’ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਚੇਅਰਮੈਨ ਲਾਉਣ ਦੀ ਗੱਲ ਆਖੀ ਸੀ ਪਰ ਉਹ ਤਾਂ ਨਹੀਂ ਬਣੇ ਪਰ ਕੁਲਦੀਪ ਵੈਦ ਖੁਦ ਜ਼ਰੂਰ ਬਣ ਗਏ।
ਗਰੀਬ ਵਰਗ ਦੀ ਆਵਾਜ਼ ਸੁਣਨ ਦਾ ਕੀਤਾ ਦਾਅਵਾ
ਰਮਨਜੀਤ ਨੇ ਕਿਹਾ ਕਿ ਹੁਣ ਉਹ ਲੋਕਾਂ ਦੀ ਆਵਾਜ਼ ਸੁਣਨ ਲਈ ਆਏ ਨੇ ਕਿਉਂਕਿ ਅੱਜਕੱਲ੍ਹ ਚੋਣਾਂ ਸਿਰਫ ਇਕ ਵਪਾਰ ਬਣ ਗਈਆਂ ਹਨ। ਰਮਨਜੀਤ ਨੇ ਵੀ ਕਿਹਾ ਕਿ ਕੁੱਲੀ ਉਨ੍ਹਾਂ ਨੇ ਇਸ ਕਰਕੇ ਮੁੱਖ ਦਫਤਰ ਚੁਣਿਆ ਕਿਉਂਕਿ ਜੋ ਲੋਕ ਆਪਣੀ ਵਿਰਾਸਤ ਨੂੰ ਯਾਦ ਰੱਖਦੇ ਹਨ ਉਹ ਹਮੇਸ਼ਾ ਕਾਮਯਾਬ ਹੁੰਦੇ ਹਨ।
ਕੁੱਲੀ ਨੂੰ ਬਣਾਉਣ ਦਾ ਕੀ ਮਕਸਦ?
ਉਨ੍ਹਾਂ ਕਿਹਾ ਕਿ ਇਸ ਪਿੱਛੇ ਇੱਕ ਮਕਸਦ ਇਹ ਵੀ ਸੀ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਸਾਡੇ ਵੱਡੇ ਬਜ਼ੁਰਗ ਸਾਡੀ ਹੋਂਦ ਕਿੱਥੋਂ ਸ਼ੁਰੂ ਹੋਈ ਸੀ ਤਾਂ ਕਰਕੇ ਹੀ ਉਨ੍ਹਾਂ ਨੇ ਕੁੱਲੀ ਨੂੰ ਆਪਣਾ ਮੁੱਖ ਦਫ਼ਤਰ ਬਣਾਇਆ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਸਮਰਥਨ ਦੇ ਰਹੇ ਹਨ। ਆਜ਼ਾਦ ਉਮੀਦਵਾਰ ਵੱਲੋਂ ਕੁੱਲੀ ਦੇ ਵਿੱਚ ਲਾਲਟੈਨ ਲਗਾਈ ਗਈ ਹੈ ਅਤੇ ਪੁਰਾਤਨ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: SKM ਵੋਟਾਂ ਵਾਲੇ ਸੂਬਿਆਂ 'ਚ ਭਾਜਪਾ ਵਿਰੁੱਧ ਚਲਾਵੇਗਾ ਵਿਸ਼ੇੇਸ਼ ਮੁਹਿੰਮ"