ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਇਹ ਤਾੜਨਾ ਕੀਤੀ ਗਈ ਸੀ ਕਿ ਕਿਸੇ ਵੀ ਸੂਰਤ ਵਿੱਚ ਉਹ ਆਪਣੀਆਂ ਸਿਹਤ ਸੇਵਾਵਾਂ ਬੰਦ ਨਹੀਂ ਕਰਨਗੇ, ਜਿਸ ਮਗਰੋਂ ਹੁਣ ਨਿੱਜੀ ਹਸਪਤਾਲ ਵੀ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲੱਗੇ ਹਨ।
ਉੱਥੇ ਹੀ ਸਾਡੀ ਟੀਮ ਨੇ ਜਦੋਂ ਲੁਧਿਆਣਾ ਦੇ ਨਿੱਜੀ ਅਤੇ ਚੈਰੀਟੇਬਲ ਹਸਪਤਾਲਾਂ ਦਾ ਦੌਰਾ ਕੀਤਾ ਤਾਂ ਉੱਥੇ ਓ.ਪੀ.ਡੀ. ਸੇਵਾਵਾਂ ਨਿਰੰਤਰ ਚੱਲ ਰਹੀਆਂ ਸਨ। ਹਸਪਤਾਲ ਵਿੱਚ ਸੀਨੀਅਰ ਡਾਕਟਰ ਵੀ ਮੌਜੂਦ ਸਨ ਅਤੇ ਮਰੀਜ਼ਾਂ ਨੂੰ ਵੀ ਇੱਕ-ਇੱਕ ਕਰਕੇ ਅੰਦਰ ਭੇਜਿਆ ਜਾ ਰਿਹਾ ਸੀ।
ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਇੱਕ-ਇੱਕ ਮੀਟਰ ਦੀ ਦੂਰੀ 'ਤੇ ਘੇਰੇ ਬਣਾਏ ਗਏ ਹਨ, ਜਿਸ ਵਿੱਚ ਰਹਿ ਕੇ ਹੀ ਮਰੀਜ਼ ਅੰਦਰ ਹਸਪਤਾਲ 'ਚ ਜਾਂਦੇ ਹਨ।
ਰਘੂਨਾਥ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਸਾਰੇ ਸੀਨੀਅਰ ਡਾਕਟਰ ਹਸਪਤਾਲ 'ਚ ਮੌਜੂਦ ਹਨ ਅਤੇ ਓ.ਪੀ.ਡੀ. ਵਿੱਚ ਨਿਰੰਤਰ ਮਰੀਜ਼ਾਂ ਨੂੰ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ।