ਲੁਧਿਆਣਾ: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਲਗਾਤਾਰ ਪੰਜਾਬ ਵਿੱਚ ਵਾਰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਬੀਤੇ 2 ਦਿਨੀਂ ਉਹ ਲੁਧਿਆਣਾ ਦੌਰੇ ਉੱਤੇ ਰਹੇ। ਕਾਂਗਰਸ ਨੇ ਨਵੇਂ ਪ੍ਰਧਾਨ, ਸ਼ਹਿਰੀ ਅਤੇ ਪੇਂਡੂ ਦੇ ਨਾਲ ਬਲਾਕ ਪੱਧਰ ਤੇ ਨਵੀਆਂ ਜ਼ਿੰਮੇਵਾਰੀਆਂ ਦੀ ਵੰਡ ਕਰ ਦਿੱਤੀ ਹੈ। ਰਾਜਾ ਵੜਿੰਗ ਇਕ ਹਫਤਾ ਪਹਿਲਾਂ ਹੀ ਨਿਗਮ ਚੋਣਾਂ ਨੂੰ ਲੈਕੇ ਆਪਣੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਦਾ ਬਦਲਾ ਲੈਣ ਦਾ ਮੂਡ ਬਣਾ ਚੁੱਕੇ ਹਨ। ਜਦਕਿ ਭਾਜਪਾ ਵੀ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਦੇ ਬਾਵਜੂਦ ਨਿਗਮ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਬੀਤੇ ਦਿਨ ਪੰਜਾਬ ਭਾਜਪਾ ਦੇ ਪ੍ਰਧਾਨ ਵੱਲੋਂ ਵੀ ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਚ ਨਿਗਮ ਚੋਣਾਂ ਨੂੰ ਲੈ ਕੇ ਅਹਿਮ ਬੈਠਕ ਕਰ ਦਿੱਤੀ ਗਈ ਹੈ ਅਤੇ ਚੋਣਾਂ ਨੂੰ ਲੈ ਕੇ ਭਾਜਪਾ ਨੇ ਬਿਗੁਲ ਵਜਾ ਦਿੱਤਾ ਹ। ਦੂਜੇ ਪਾਸੇ, ਸੱਤਾ ਧਿਰ ਹਾਲੇ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਵਿੱਚ ਮਸ਼ਰੂਫ ਵਿਖਾਈ ਦੇ ਰਹੀ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਹੀ ਇੱਕ ਵਰਕਰ ਦੀ ਲੁਧਿਆਣਾ ਤੋਂ ਵੀਡਿਓ ਵਾਇਰਲ ਨੇ ਵੀ ਪਾਰਟੀ ਨੂੰ ਗੰਭੀਰ ਨਹੀਂ ਕੀਤਾ ਜਿਸ ਵਿੱਚ ਉਹ ਨਗਰ ਨਿਗਮ ਵਿੱਚ ਕੋਈ ਮੇਅਰ ਨਾ ਬਣਨ ਦੀ ਗੱਲ ਕੈਬਨਿਟ ਮੰਤਰੀ ਜਿੰਪਾ ਨੂੰ ਸਮਝਾਉਂਦਾ ਵਿਖਾਈ ਦੇ ਰਿਹਾ ਸੀ।
ਨਗਰ ਨਿਗਮ ਚੋਣਾਂ ਤੋਂ ਡਰੀ 'ਆਪ' ! : ਪੰਜਾਬ ਵਿੱਚ ਜੋ ਹਲਾਤ ਚਲ ਰਹੇ ਹਨ, ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਕਰਵਾਉਣ ਤੋਂ ਡਰ ਚੁੱਕੀ ਹੈ। ਇਹ ਵਿਰੋਧੀ ਪਾਰਟੀਆਂ ਦਾ ਜਵਾਬ ਹੈ, ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਦਾ ਕਹਿਣਾ ਹੈ ਕਿ ਜੋ ਹਾਲਾਤ ਆਮ ਆਦਮੀ ਪਾਰਟੀ ਦੇ ਹੋ ਚੁੱਕੇ ਹਨ, ਉਹ ਨਗਰ ਨਿਗਮ ਚੋਣਾਂ ਨੂੰ ਜਾਣ-ਬੁੱਝ ਕੇ ਅੱਗੇ ਪਾ ਰਿਹਾ ਹੈ, ਕਿਉਂਕਿ ਜੇਕਰ ਇੱਕ ਦੋ ਮਹੀਨੇ ਦੇ ਅੰਦਰ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਵੇਗਾ। ਸਰਕਾਰ ਇਸ ਕਰਕੇ ਨਿਗਮ ਚੋਣਾਂ ਨੂੰ ਅੱਗੇ ਪਾਉਂਦੀ ਵਿਖਾਈ ਦੇ ਰਹੀ ਹੈ। ਜੀਵਨ ਗੁਪਤਾ ਨੇ ਕਿਹਾ ਕਿ ਜਿਸ ਦੀ ਸਰਕਾਰ ਇਨ੍ਹੇ ਵੱਡੇ ਬਹੁਮਤ ਨਾਲ ਜਿੱਤੀ ਹੋਵੇ ਉਨ੍ਹਾ ਨੂੰ ਨਿਗਮ ਚੋਣਾਂ ਕਰਵਾਉਣ ਦੀ ਕਾਹਲ ਰਹਿੰਦੀ ਹੈ, ਪਰ ਸਰਕਾਰ ਖੁਦ ਚੋਣਾਂ ਤੋਂ ਡਰ ਰਹੀ ਹੈ। ਹਿਮਾਚਲ ਅਤੇ ਗੁਜਰਾਤ ਦਾ ਵੀ ਇਨ੍ਹਾਂ ਸਥਾਨਕ ਚੋਣਾਂ 'ਤੇ ਅਸਰ ਪਵੇਗਾ।
ਸੰਗਰੂਰ ਜ਼ਿਮਨੀ ਚੋਣ 'ਚ ਹਾਰ: ਪੂਰਨ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਤਿੰਨ ਮਹੀਨੇ ਬਾਅਦ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੇ ਮੁੱਖ ਮੰਤਰੀ ਦੀ ਰਵਾਇਤੀ ਸੀਟ ਤੋਂ ਹਾਰ ਜਾਣਾ ਆਮ ਆਦਮੀ ਪਾਰਟੀ ਲਈ ਇਕ ਵੱਡਾ ਝਟਕਾ ਸੀ। ਰਾਜਨੀਤਿਕ ਆਗੂ ਨੇ ਕਿਹਾ ਕਿ ਪਾਰਟੀ ਹਾਲੇ ਤਕ ਉਸ ਤੋਂ ਨਿਕਲ ਹੀ ਨਹੀਂ ਪਾਈ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਦਾ ਟੇਕ ਆਫ ਦਾ ਸਮਾਂ ਸੀ, ਓਦੋਂ ਸਰਕਾਰ ਰਨਵੇਅ ਉੱਤੇ ਉਨ੍ਹਾਂ ਨੂੰ ਸੰਭਾਲਣ ਦਾ ਮੌਕਾ ਹੀ ਨਹੀਂ ਮਿਲਿਆ। ਉਨ੍ਹਾ ਕਿਹਾ ਕਿ ਜੂਨ ਤੱਕ ਦਾ ਸਰਕਾਰ ਕੋਲ ਸਮਾਂ ਹੈ। ਪਰ, ਸਰਕਾਰ ਦੇ ਹਾਲਾਤ ਵੇਖ ਕੇ ਨਹੀਂ ਲੱਗ ਰਿਹਾ ਕਿ ਉਹ ਫਿਲਹਾਲ ਨਗਰ ਨਿਗਮ ਚੋਣਾਂ ਕਰਵਾਉਣਗੇ, ਹਾਲਾਂਕਿ ਉਨ੍ਹਾਂ ਆਪਣੀ ਰੀਵਿਯਤੀ ਵਿਰੋਧੀ ਪਾਰਟੀ ਕਾਂਗਰਸ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੇ ਅੱਧੇ ਮੰਤਰੀ ਕੇਸਾਂ ਵਿੱਚ ਫਸੇ ਹੋਏ ਹਨ। ਸੂਬੇ ਵਿੱਚ ਕਾਂਗਰਸ ਖਿਲਰ ਚੁੱਕੀ ਹੈ, ਇਸ ਕਰਕੇ ਉਨ੍ਹਾਂ ਕੋਲ ਹੁਣ ਦਾਅਵੇ ਹੀ ਰਹਿ ਚੁੱਕੇ ਹਨ।
ਪੰਜਾਬ ਦੀ ਕਾਨੂੰਨ ਵਿਵਸਥਾ: ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਸੱਤਾ ਧਿਰ ਆਪ ਸਰਕਾਰ ਉੱਤੇ ਹਮਲਾਵਰ ਹੋ ਚੁੱਕੀਆਂ ਹਨ। ਲਗਾਤਾਰ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ। ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਮਾਮਲਾ ਹਾਲੇ ਸ਼ਾਂਤ ਹੀ ਨਹੀਂ ਹੋਇਆ ਸੀ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਦਿਨ ਦਿਹਾੜੇ ਕਤਲ ਨੇ ਸਰਕਾਰ ਦੇ ਗ੍ਰਹਿ ਵਿਭਾਗ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਹਫ਼ੜਾ ਦਫ਼ੜੀ ਵਿੱਚ ਅਸਲਾ ਲਾਇਸੈਂਸ ਜਾਰੀ ਨਾ ਕਰਨ ਦੇ ਫੈਸਲੇ ਅਤੇ ਫਿਰ ਅੰਮ੍ਰਿਤਸਰ ਦੇ ਵਿੱਚ 10 ਸਾਲ ਦੇ ਬੱਚੇ ਉੱਤੇ ਆਰਮਜ਼ ਐਕਟ ਅਧੀਨ ਕੀਤੇ ਪਰਚੇ, ਨੂੰ ਸੂਬੇ ਦੀ ਜਨਤਾ ਪਚਾ ਨਹੀਂ ਪਾ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਸਰਕਾਰ ਤੋਂ ਸਵਾਲ ਖੜ੍ਹੇ ਕਰਨ ਦਾ ਇਕ ਹੋਰ ਮੌਕਾ ਵੀ ਮਿਲ ਚੁੱਕਾ ਹੈ।
ਕੀ ਕਹਿੰਦੇ ਨੇ ਅੰਕੜੇ? : ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੁੱਲ 2215 ਸੀਟਾਂ ਹਨ ਜਿੰਨ੍ਹਾਂ ਵਿੱਚ 400 ਸੀਟਾਂ ਮਿਉਂਸਪਲ ਕਾਰਪੋਰੇਸ਼ਨ ਜਦਕਿ 1815 ਸੀਟਾਂ ਮਿਉਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਹਨ। ਪਿਛਲੇ ਚੋਣ ਨਤੀਜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਸੀਟਾਂ ਵਿੱਚੋਂ ਕਾਂਗਰਸ ਦੀ ਝੋਲੀ ਹੀ 1432 ਸੀਟਾਂ ਪਈਆਂ ਸਨ ਜਦੋਂ ਕਿ ਅਕਾਲੀ ਦਲ ਦੀ ਝੋਲੀ 284 ਸੀਟਾਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਝੋਲੀ ਮਹਿਜ਼ 69 ਸੀਟਾਂ ਜਦੋਂਕਿ ਭਾਜਪਾ ਦਾ ਉਸ ਵੇਲੇ ਅਕਾਲੀ ਦਲ ਨਾਲ ਗੱਠਜੋੜ ਸੀ ਅਤੇ ਉਨ੍ਹਾਂ ਨੂੰ 49 ਸੀਟਾਂ ਤੇ ਜਿੱਤ ਹਾਸਲ ਹੋਈ ਸੀ।
ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ 364 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਸਨ ਬਸਪਾ ਤੇ ਸੀਪੀਆਈ ਦਾ ਗੱਠਜੋੜ ਸੀ ਜਿਨ੍ਹਾਂ ਨੇ 17 ਸੀਟਾਂ ਹਾਸਿਲ ਕੀਤੀਆਂ। ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ 400 ਸੀਟਾਂ ਦੇ ਵਿੱਚੋਂ 317 ਸੀਟਾਂ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਜਦਕਿ 33 ਤੇ ਭਾਜਪਾ ’ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਝੋਲੀ ਮਹਿਜ਼ 18 ਸੀਟਾਂ ਹੀ ਪਈਆਂ ਸਨ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜਿੰਨੀਆਂ ਵੀ ਨਗਰ ਨਿਗਮ ਨਗਰ ਪੰਚਾਇਤ ਅਤੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਨ੍ਹਾਂ ਵਿੱਚ ਕਾਂਗਰਸ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ।
ਅਕਾਲੀ-ਭਾਜਪਾ ਦੂਜੇ ਤੇ ਅਤੇ ਆਪ ਤੀਜੇ ਨੰਬਰ ਉੱਤੇ ਰਹੀ ਸੀ। ਜਦਕਿ ਇਸ ਵਾਰ ਕਾਂਗਰਸ ਨਾਲੋਂ ਵੱਧ ਸੀਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਸਰਕਾਰ ਬਣਾਈ ਹੈ। ਸਰਕਾਰ ਬਣਨ ਵਿੱਚ ਵਧੇਰੇ ਐਮਐਲਏ ਚੁਣੇ ਗਏ ਹਨ, ਉਹ ਅਕਾਲੀ ਅਤੇ ਕਾਂਗਰਸ ਤੋਂ ਆਏ ਸਨ, ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਬਲਾਕ ਪੱਧਰ 'ਤੇ ਆਪਣਾ ਕੇਡਰ ਤਿਆਰ ਕਰਨ ਵਿੱਚ ਹਾਲੇ ਤੱਕ ਨਾਕਾਮ ਰਹੀ ਹੈ।
AAP ਦਾ ਜਵਾਬ: ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਹੈ ਕਿ ਅਸੀਂ ਚੋਣਾਂ ਲਈ ਪੂਰੀ ਤਰਾਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਹਨ ਅਤੇ ਕਰ ਰਹੇ ਹਾਂ। ਬਾਕੀ ਪਾਰਟੀਆਂ ਵਾਂਗ ਅਸੀਂ ਲੋਕਾਂ ਨੂੰ ਲਾਰੇ ਨਹੀਂ ਲਗਾਏ। ਉਨ੍ਹਾਂ ਕਿਹਾ ਕਿ ਲੋਕ ਸਾਡੇ ਕੰਮਾਂ ਤੋਂ ਖੁਸ਼ ਹੈ ਅਤੇ ਇਹ ਜ਼ਮੀਨੀ ਪੱਧਰ 'ਤੇ ਸਾਨੂੰ ਰਿਪੋਰਟਾਂ ਮਿਲ ਰਹੀਆਂ ਹਨ। ਬਾਕੀ ਵਿਰੋਧੀ ਪਾਰਟੀਆਂ ਦਾ ਕੰਮ ਹੀ ਦੂਸ਼ਣਬਾਜ਼ੀ ਕਰਨਾ ਹੁੰਦਾ ਹੈ। ਸਾਡੇ ਕੰਮ ਹੁੰਦੇ ਹਨ, ਜਿਸ ਦੇ ਅਧਾਰ 'ਤੇ ਸਾਨੂੰ ਕਾਰਪੋਰੇਸ਼ਨ ਚੋਣਾਂ ਵਿੱਚ ਜਿੱਤ ਮਿਲੇਗੀ।
ਇਹ ਵੀ ਪੜ੍ਹੋ: ਐਲੋਨ ਮਸਕ ਨੇ ਕੀਤਾ ਇੱਕ ਹੋਰ ਟਵੀਟ, ਲਿਖਿਆ 'ਹੋਮ ਟਵੀਟ ਹੋਮ'