ਲੁਧਿਆਣਾ: ਪੰਜਾਬ ਸਰਕਾਰ ਅਤੇ ਪਾਵਰਕਾਮ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਲੁਧਿਆਣਾ ਵਿੱਚ ਇੰਡਸਟਰੀ ਦੀ ਬਿਜਲੀ ਸ਼ਾਮ 6 ਵਜੇ ਤੋਂ 10 ਵਜੇ ਤੱਕ 2 ਰੁਪਏ ਪ੍ਰਤੀ ਯੂਨਿਟ ਵਧਾਉਣ ਦਾ ਫੈਸਲਾ ਲਿਆ ਹੈ ਜਿਸ ਦਾ ਸਨਅਤਕਾਰਾਂ ਨੇ ਵਿਰੋਧ ਕੀਤਾ। ਯੁਨਾਇਟਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫੈਸਲਾ ਸਨਅਤ ਲਈ ਘਾਤਕ ਸਾਬਿਤ ਹੋਵੇਗਾ।
ਯੁਨਾਇਟਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਗੁਰਚਰਨ ਸਿੰਘ, ਯੂ.ਸੀ.ਪੀ.ਐਮ.ਏ. ਦੇ ਜਰਨਲ ਸਕੱਤਰ ਰਜਿੰਦਰ ਸਿੰਘ ਸਰਹਾਲੀ, ਯੂ.ਸੀ.ਪੀ.ਐਮ.ਏ. ਜਰਨਲ ਸੈਕਟਰੀ ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਮੰਦੀ ਦੇ ਸਮੇਂ ਸਰਕਾਰ ਨੂੰ ਸਨਅਤਕਾਰਾਂ ਦੀ ਬਾਂਹ ਫੜਨੀ ਚਾਹੀਦੀ ਸੀ ਅਤੇ ਉਨ੍ਹਾਂ ਨੂੰ ਕੋਈ ਰਿਆਇਤ ਦੇਣੀ ਚਾਹੀਦੀ ਸੀ ਪਰ ਇਸ ਦੇ ਉਲਟ ਸਰਕਾਰ ਅਤੇ ਪਾਵਰਕਾਮ ਵੱਲੋਂ ਬਿਜਲੀ ਦਰਾ ਵਧਾਈਆਂ ਗਈਆਂ ਨੇ ਜਿਸ ਨਾਲ ਸਨਅਤਕਾਰਾਂ 'ਤੇ ਬੋਝ ਪਵੇਗਾ।
ਮੈਂਬਰਾਂ ਨੇ ਕਿਹਾ ਸਨਅਤਕਾਰ ਸਰਕਾਰ ਦੇ ਫੈਸਲੇ ਦਾ ਸਖਤ ਸ਼ਬਦਾਂ 'ਚ ਵਿਰੋਧ ਕਰਦੇ ਹਨ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਫਿਕਸ ਰੇਟਾਂ 'ਤੇ ਬਿਜਲੀ ਦੇ ਰਹੀ ਹੈ ਅਤੇ ਹੁਣ ਸਰਕਾਰ ਨੇ ਰਾਹਤ ਤਾਂ ਕੀ ਦੇਣੀ ਸੀ ਬਲਕਿ ਬਿਜਲੀ ਦੀਆਂ ਕੀਮਤਾਂ ਹੋਰ ਵਧਾ ਦਿੱਤੀਆਂ।