ਦੋਰਾਹਾ: ਪਿੰਡ ਮਜਾਰਾ ਦੇ ਇੱਕ ਪਰਿਵਾਰ ਨੇ ਆਪਣੇ ਹੀ ਪਿੰਡ ਦੇ ਸਰਪੰਚ ਅਤੇ ਉਸ ਦੇ ਪਤੀ ਵਿਰੁੱਧ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਪੀੜਤ ਵਿਅਕਤੀ ਨੇ ਸਰਪੰਚ 'ਤੇ ਦੋਸ਼ ਲਗਾਏ ਕਿ ਜਦੋਂ ਅਸੀਂ ਸਰਪੰਚ ਦੇ ਘਰ ਰਾਸ਼ਨ ਲੈਣ ਗਏ ਤਾਂ ਉਸ ਨੇ ਸਾਡੇ ਨਾਲ ਕੁੱਟਮਾਰ ਕੀਤੀ। ਜਦੋਂ ਅਸੀਂ ਇਸ ਦੀ ਸ਼ਿਕਾਇਤ ਸਬੰਧਤ ਥਾਣੇ ਨੂੰ ਕੀਤੀ ਤਾਂ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਾਰੀ ਦੁਨੀਆਂ ਵਿੱਚ ਫੈਲਿਆ ਕੋਰੋਨਾ ਦੀ ਮਹਾਂਮਾਰੀ ਦਾ ਪ੍ਰਕੋਪ ਭਾਵੇਂ ਕੁਝ ਹੀ ਦਿਨਾਂ ਵਿੱਚ ਥੰਮ ਜਾਵੇਗਾ ਪਰ ਇਸ ਮਹਾਂਮਾਰੀ ਦੇ ਕਾਰਨ ਸਮਾਜ ਵਿੱਚ ਵਾਪਰੀਆਂ ਘਟਨਾਵਾਂ ਆਮ ਲੋਕਾਂ ਦੇ ਜਨ ਜੀਵਨ ਨੂੰ ਦੁੱਖ ਪਹੁੰਚਾਉਣ ਵਾਲੀਆਂ ਹਨ।
ਇਸੇ ਤਰ੍ਹਾਂ ਦੀ ਇੱਕ ਘਟਨਾ ਦੋਰਾਹਾ ਤੋਂ ਕੁਝ ਦੂਰ ਪੈਂਦੇ ਪਿੰਡ ਮਜਾਰਾ ਦੇ ਵਿੱਚ ਵਾਪਰੀ, ਜਿੱਥੇ ਇੱਕ ਪਰਿਵਾਰ ਨੇ ਆਪਣੇ ਹੀ ਪਿੰਡ ਦੇ ਸਰਪੰਚ ਵਿਰੁੱਧ ਰਾਸ਼ਨ ਨੂੰ ਲੈ ਕੇ ਕੁੱਟਮਾਰ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਵਿੱਚ ਕਈ ਵਾਰ ਰਾਸ਼ਨ ਵੰਡਿਆ ਜਾ ਚੁੱਕਾ ਸੀ ਪਰ ਸਾਨੂੰ ਰਾਸ਼ਨ ਨਹੀਂ ਮਿਲਿਆ, ਇਸ ਸਬੰਧੀ ਜਦੋਂ ਅਸੀਂ ਸਰਪੰਚ ਦੇ ਘਰ ਗਏ ਤਾਂ ਉਨ੍ਹਾਂ ਨੇ ਸਾਡੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਇਸ ਰਾਸ਼ਨ ਦੀਆਂ ਕਿੱਟਾਂ ਸਿਰਫ ਆਪਣੇ ਚਹੇਤਿਆਂ ਨੂੰ ਹੀ ਵੰਡਿਆ ਹਨ।
ਜਦੋਂ ਅਸੀਂ ਰਾਸ਼ਨ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਇਹ ਕਿਹਾ ਕਿ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਸਨ ਇਸ ਕਰਕੇ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ। ਇਸ ਸਬੰਧੀ ਅਸੀਂ ਥਾਣੇ ਵਿੱਚ ਸ਼ਿਕਾਇਤ ਕੀਤੀ ਪਰ ਪੁਲਿਸ ਦੁਆਰਾ ਇਨ੍ਹਾਂ ਵਿਅਕਤੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਜਦੋਂ ਸਰਪੰਚ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਜਿਸ ਨੂੰ ਵੀ ਰਾਸ਼ਨ ਦੀ ਜ਼ਰੂਰਤ ਹੋਵੇ ਉਹ ਆਪਣਾ ਨਾਂਅ ਲਿਖਵਾ ਸਕਦਾ ਹੈ। ਕੁੱਟਮਾਰ ਸਬੰਧੀ ਸਰਪੰਚ ਦਾ ਪਤੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ
ਇਸ ਮਾਮਲੇ ਸਬੰਧੀ ਜਦੋਂ ਸਬੰਧਤ ਐਸਐਚਓ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੀਡੀਆ ਤੋਂ ਭੱਜਦੇ ਨਜ਼ਰ ਆਏ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।