ਲੁਧਿਆਣਾ: ਨਗਰ ਨਿਗਮ ਦੇ ਵਿੱਚ ਬਿਨਾਂ ਕੰਮ ਕੀਤੇ ਕਾਫੀ ਸਮੇਂ ਤੋਂ ਤਨਖਾਹ ਲੈ ਰਹੇ ਅਤੇ ਗੈਰ ਹਾਜ਼ਰ ਰਹਿ ਰਹੇ ਮੁਲਾਜ਼ਮਾਂ 'ਤੇ ਨਿਗਮ ਕਮਿਸ਼ਨਰ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ 12 ਅਜਿਹੇ ਮੁਲਾਜ਼ਮ ਪਾਏ ਗਏ ਹਨ, ਜਿਨਾਂ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਅਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਸਵਾਲ ਖੜੇ ਕੀਤੇ ਹਨ। ਜਿਸ 'ਚ ਉਨ੍ਹਾਂ ਕਿਹਾ ਕਿ 2021 ਦੇ ਵਿੱਚ ਹੀ ਉਹਨਾਂ ਨੇ ਇਹ ਮਾਮਲਾ ਚੁੱਕਿਆ ਸੀ ਪਰ ਉਸ ਵੇਲੇ ਮੌਜੂਦਾ ਆਮ ਆਦਮੀ ਪਾਰਟੀ ਦੇ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਬਹੁਤ ਜਿਆਦਾ ਇਸ ਦਾ ਵਿਰੋਧ ਕੀਤਾ ਸੀ।
ਸਾਬਕਾ ਕੌਂਸਲਰ ਨੇ ਲਾਏ ਇਲਜ਼ਾਮ: ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਪੱਕੇ ਕੀਤੇ ਗਏ ਹਨ, ਉਹਨਾਂ ਦੀਆਂ ਵੀ ਲਿਸਟਾਂ ਸਬੰਧੀ ਉਹਨਾਂ ਨੇ ਘੋਖ ਕਰਨ ਲਈ ਕਿਹਾ ਸੀ। ਇਸ ਤੋਂ ਇਲਾਵਾ ਪੁਰਾਣੇ ਬੰਦੇ ਹਟਾ ਕੇ ਨਵੇਂ ਬੰਦੇ ਭਰਤੀ ਕੀਤੇ ਜਾ ਰਹੇ ਸਨ, ਇਸ ਨੂੰ ਲੈ ਕੇ ਜਦੋਂ ਉਹਨਾਂ ਨੇ ਗੱਲ ਚੁੱਕੀ ਸੀ ਤਾਂ ਮੌਜੂਦਾ ਜੋ ਆਮ ਆਦਮੀ ਪਾਰਟੀ ਪੱਛਮੀ ਹਲਕੇ ਤੋਂ ਵਿਧਾਇਕ ਹਨ ਗੁਰਪ੍ਰੀਤ ਗੋਗੀ ਨੇ ਇਸਦਾ ਵਿਰੋਧ ਕੀਤਾ ਸੀ। ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਉਹਨਾਂ ਨੂੰ ਇਸ ਮੁੱਦੇ 'ਤੇ ਬਹੁਤ ਜ਼ਿਆਦਾ ਤਕਲੀਫ ਹੋਈ ਸੀ। ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਇਹ ਮੁੱਦਾ ਚੁੱਕਦੇ ਆ ਰਹੇ ਨੇ ਪਰ ਉਸ ਵੇਲੇ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਨਿਗਮ ਕਮਿਸ਼ਨਰ ਨੇ ਇਸ 'ਤੇ ਕੋਈ ਐਕਸ਼ਨ ਨਹੀਂ ਲਿਆ।
'ਆਪ' ਵਿਧਾਇਕ ਨੇ ਦਿੱਤਾ ਠੋਕਵਾਂ ਜਵਾਬ: ਉਥੇ ਹੀ ਦੂਜੇ ਪਾਸੇ ਇਸ ਸਬੰਧੀ ਜਦੋਂ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਕਿਸ ਸਾਬਕਾ ਕੌਂਸਲਰ ਦੀ ਗੱਲ ਕਰ ਰਹੇ ਹੋ, ਮੈਂ ਉਸ ਨੂੰ ਨਹੀਂ ਜਾਣਦਾ। ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਨੇ ਗਲਤੀ ਕੀਤੀ ਹੈ ਤਾਂ ਉਹਨਾਂ 'ਤੇ ਕਾਰਵਾਈ ਵੀ ਹੋਈ ਹੈ, ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਉਹਨਾਂ 'ਤੇ ਐਕਸ਼ਨ ਲਿਆ ਗਿਆ ਹੈ। ਉਹਨਾਂ ਕਿਹਾ ਕਿ ਬਾਕੀ ਸਾਰੇ ਵਿਧਾਇਕ ਆਪਣਾ ਕੰਮ ਤਨਦੇਹੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਦੂਜੀ ਪਾਰਟੀਆਂ ਦੇ ਲੋਕ ਜੋ ਹੁਣ ਸਵਾਲ ਚੁੱਕ ਰਹੇ ਹਨ, ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਤਾਂ ਇਹੀ ਕਾਰਨ ਉਹਨਾਂ ਨੂੰ ਲੋਕਾਂ ਨੇ ਘਰ ਦੇ ਵਿੱਚ ਬਿਠਾ ਦਿੱਤਾ ਹੈ।