ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਦੇ ਪਿੰਡ ਰੌਂਤਾ ਵਿੱਚ ਬਣੀਆਂ ਝੁੱਗੀਆਂ ਵਿੱਚ ਅਚਾਨਕ ਲੱਗੀ ਅੱਗ ਨਾਲ ਗਰੀਬਾਂ ਦਾ ਸਭ ਕੁਝ ਸੜਕੇ ਸੁਆਹ ਹੋ ਗਿਆ ਸੀ, ਜਿਸ ਤੋਂ ਬਾਅਦ ਆਰਜ਼ੀ ਤੌਰ 'ਤੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਇਨ੍ਹਾਂ ਪੀੜਿਤ ਪ੍ਰਵਾਸੀ ਲੋਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਸੀ, ਪਰ ਹੁਣ ਇਨ੍ਹਾਂ ਗਰੀਬ ਪ੍ਰਵਾਸੀਆਂ ਦੀ ਬਾਂਹ ਪ੍ਰਸਿੱਧ ਸਮਾਜ ਸੇਵੀ ਅਤੇ ਪੰਜਾਬ ਪੁਲਿਸ ਦੇ ਜਵਾਨ ਗੋਲਡੀ ਮੱਟੂ ਨੇ ਫੜ੍ਹ ਲਈ ਹੈ।
ਗੋਲਡੀ ਮੱਟੂ ਨੇ ਪੁਲਿਸ ਹੇਲਪਿੰਗ ਹੈਂਡ (NGO) ਅਤੇ NRI ਵੀਰਾਂ ਦੇ ਸਹਿਯੋਗ ਨਾਲ ਗਰੀਬ ਪ੍ਰਵਾਸੀ ਲੋਕਾਂ ਦੀਆਂ ਨਵੀਆਂ ਝੁੱਗੀਆਂ ਬਣਾਉਣ ਤੋਂ ਇਲਾਵਾ ਉਨ੍ਹਾਂ ਦੀ ਜ਼ਰੂਰਤ ਦਾ ਹਰ ਇੱਕ ਸਮਾਨ ਮੰਜੇ ਬਿਸਤਰੇ ਤੋਂ ਲੈ ਕੇ ਭਾਂਡੇ ਅਤੇ ਰਾਸ਼ਨ ਤੱਕ ਮੁਹੱਈਆ ਕਰਵਾਇਆ, ਜਿਸਤੋਂ ਬਾਅਦ ਪਰਵਾਸੀਆਂ ਦੇ ਚੇਹਰਿਆਂ 'ਤੇ ਖੁਸ਼ੀ ਅਤੇ ਰੌਣਕ ਨਜ਼ਰ ਆ ਰਹੀ ਸੀ।
ਦੱਸ ਦੇਈਏ ਕਿ ਇਸ ਖਬਰ ਨੂੰ ਈਟੀਵੀ ਭਾਰਤ ਨੇ ਪ੍ਰਮੁਖੱਤਾ ਨਾਲ ਦਿਖਾਇਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਹੈਲਪਿੰਗ ਹੈਂਡ ਅਤੇ ਹੋਰ ਕਈ ਸੰਸਥਾਵਾਂ ਮਦਦ ਲਈ ਅੱਗੇ ਆਈਆਂ। ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੋਂ ਇਲਾਵਾ ਪੁਲਿਸ ਹੇਲਪਿੰਗ ਹੈਂਡ ਦੀ ਪੂਰੀ ਟੀਮ ਮੌਜੂਦ ਰਹੀ।
ਇਹ ਵੀ ਪੜੋ: ਬਰਨਾਲਾ: ਨੌਜਵਾਨ ਦੀ ਮਲੇਸ਼ੀਆ ਤੋਂ ਪਹੁੰਚੀ ਲਾਸ਼, ਇੱਕ ਮਹੀਨਾ ਪਹਿਲਾਂ ਹੋ ਗਈ ਸੀ ਮੌਤ
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਸਭ ਕੁਝ ਗਵਾ ਚੁੱਕੇ ਇਹ ਗਰੀਬ ਲੋਕ ਸੜਕ 'ਤੇ ਆ ਗਏ ਸਨ ਪਰ ਉਨ੍ਹਾਂ ਦੀ ਗੁਜ਼ਾਰਿਸ਼ 'ਤੇ ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਇਨ੍ਹਾਂ ਦੀ ਜ਼ਿੰਦਗੀ ਫਿਰ ਤੋਂ ਨਵੇਂ ਸਫ਼ਰ ਲਈ ਤਿਆਰ ਹੈ। ਓਧਰ ਗੋਲਡੀ ਮੱਟੂ ਨੇ ਸਮਾਜਸੇਵੀ ਸੰਸਥਾਵਾਂ ਅਤੇ NRI ਵੀਰਾਂ ਦਾ ਧੰਨਵਾਦ ਕੀਤਾ ਜੋ ਇਨ੍ਹਾਂ ਗਰੀਬ ਪਰਵਾਸੀਆਂ ਦੀ ਮਦਦ ਲਈ ਅੱਗੇ ਆਏ।