ਲੁਧਿਆਣਾ: ਸਮਰਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਰਕਾਰੀ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨੂੰ ਲੁੱਟਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਉਕਤ ਗਿਰੋਹ ਦੇ ਮੈਂਬਰਾਂ ਵੱਲੋਂ ਲੁੱਟਿਆ ਟਰੱਕ ਅਤੇ ਉਸ 'ਚ ਲੱਦੀਆਂ 500 ਬੋਰੀਆਂ ਕਣਕ ਦੀਆਂ ਵੀ ਬਰਾਮਦ ਕਰ ਲਈਆਂ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਮਾਛੀਵਾੜਾ ਵਾਸੀ ਸੁਖਵੀਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਟੱਰਕ ਨੂੰ ਉਸ ਦਾ ਡਰਾਈਵਰ ਬਾਬੂ ਕੁਮਾਰ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਮਾਛੀਵਾੜਾ ਅਨਾਜ ਮੰਡੀ ਤੋਂ ਸਰਕਾਰੀ ਕਣਕ ਦੀਆਂ 500 ਬੋਰੀਆਂ ਭਰ ਕੇ ਸਮਰਾਲਾ ਵਿਖੇ ਵੇਅਰ ਹਾਊਸ ਦੇ ਗੋਦਾਮ 'ਚ ਉਤਾਰਨ ਲਈ ਲੈ ਕੇ ਆ ਰਿਹਾ ਸੀ। ਇਸ ਦੌਰਾਨ ਉਸ ਦੇ ਇੱਕ ਜਾਣਕਾਰ ਬਲਵਿੰਦਰ ਸਿੰਘ ਨੇ ਆ ਕੇ ਦੱਸਿਆ ਕਿ ਉਸ ਦੇ ਡਰਾਈਵਰ ਨਾਲ ਕੁੱਟਮਾਰ ਕਰਦੇ ਹੋਏ ਕੁੱਝ ਵਿਅਕਤੀ ਉਸ ਦੇ ਡਰਾਈਵਰ ਨੂੰ ਸਮੇਤ ਟੱਰਕ ਅਗਵਾ ਕਰਕੇ ਲੈ ਗਏ ਹਨ।
ਇਸ ਸਬੰਧੀ ਥਾਣਾ ਮੁੱਖੀ ਸ. ਢਿੱਲੋਂ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਕੇਸ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ 24 ਘੰਟਿਆਂ ਦੇ ਅੰਦਰ ਹੀ ਸਾਰੇ 6 ਬਦਮਾਸ਼ ਗ੍ਰਿਫ਼ਤਾਰ ਵੀ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਇਹ ਸਰਕਾਰੀ ਕਣਕ ਲੁੱਟਣ ਵਾਲਾ ਇੱਕ ਬਹੁਤ ਵੱਡਾ ਗਿਰੋਹ ਹੈ, ਜਿਸ ਨੇ ਖੰਨਾ ਨੇੜੇ ਇੱਕ ਬਹੁਤ ਵੱਡਾ ਗੋਦਾਮ ਵੀ ਬਣਾ ਰੱਖਿਆ ਹੈ ਅਤੇ ਲੁੱਟੀ ਗਈ ਸਾਰੀ ਕਣਕ ਉੱਥੇ ਹੀ ਉਤਾਰੀ ਜਾਂਦੀ ਸੀ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਚੋਰੀ ਕੀਤਾ ਟਰੱਕ ਵੀ ਉਸੇ ਗੋਦਾਮ ਤੋਂ ਹੀ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਕਿ ਆਰੋਪੀਆਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।