ਲੁਧਿਆਣਾ: ਜ਼ਿਲ੍ਹੇ ਵਿੱਚ ਕਾਂਗਰਸ ਵਰਕਰ ਮੰਗਤ ਰਾਮ ਦੇ ਕਤਲ ਮਾਮਲੇ ਵਿੱਚ (Ludhiana Congress worker murder case) ਪੁਲਿਸ ਨੇ ਮੁੱਖ ਮੁਲਜ਼ਮ ਪਰਮਜੀਤ ਪੰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕੁੱਲ 9 ਲੋਕਾਂ ’ਤੇ ਮਾਮਲਾ ਦਰਜ ਕੀਤਾ ਸੀ ਜਿੰਨ੍ਹਾਂ ਵਿੱਚੋਂ ਇਕ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਬਾਕੀਆਂ ਦੀ ਭਾਲ ਲਈ ਪੁਲਿਸ ਵੱਲੋਂ 7 ਟੀਮਾਂ ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਜੋ ਲਗਾਤਾਰ ਮੁਲਜ਼ਮਾਂ ਦੇ ਠਿਕਾਣਿਆਂ ’ਤੇ ਛਾਪੇਮਾਰੀ ਕਰਕੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਕੋਸ਼ਿਸ਼ ਕਰ ਰਹੀ ਹੈ।
ਇਸ ਬਾਰੇ ਏਸੀਪੀ ਸੁਰਿੰਦਰ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ। ਏਸੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਪਹਿਲਾਂ ਹੀ ਪੁਲਿਸ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਲੁਧਿਆਣਾ ਆਉਣ ਜਾਂ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਅਲਟੀਮੇਟਮ ਦੇਣਾ ਤਫਤੀਸ਼ ਤੇਜ਼ ਕਰਨ ਦਾ ਕਾਰਨ ਨਹੀਂ ਹੈ ਪੁਲਿਸ ਲਈ ਇਹ ਇੱਕ ਵੱਡਾ ਅਪਰਾਧ ਹੈ ਜਿਸ ਕਰਕੇ ਪੁਲਿਸ ਇਸ ਮਾਮਲੇ ਵਿਚ ਲਗਾਤਾਰ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਬਾਕੀਆਂ ਦੀ ਭਾਲ ਜਾਰੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇੰਨ੍ਹਾਂ ਵਿਚਕਾਰ ਪੁਰਾਣੀ ਰੰਜਿਸ਼ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਦੋਵੇਂ ਇੱਕ ਦੂਜੇ ਦੇ ਖ਼ਿਲਾਫ਼ ਕਿਸੇ ਸਾਂਝੀ ਜਾਇਦਾਦ ਨੂੰ ਲੈ ਕੇ ਇਲਜ਼ਾਮ ਲਗਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੜਾਈ ਝਗੜਾ ਵੀ ਕੋਈ ਬਹੁਤਾ ਵੱਡਾ ਨਹੀਂ ਹੋਇਆ ਸੀ ਸਿਰਫ਼ ਮੰਗਤ ਰਾਮ ਨੂੰ ਧੱਕਾ ਲੱਗਣ ਕਰਕੇ ਉਸ ਦਾ ਸਿਰ ਜ਼ਮੀਨ ਨਾਲ ਵੱਜਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸਿਆਸਤ ਵੀ ਗਰਮਾਈ ਹੋਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਲੁਧਿਆਣਾ ਪਹੁੰਚੇ ਸਨ ਜਿੱਥੇ ਨਵਜੋਤ ਸਿੱਧੂ ਐਲਾਨ ਕੀਤਾ ਸੀ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਪੁਲਿਸ ਨਹੀਂ ਫੜ ਲੈਂਦੀ ਉਦੋਂ ਤੱਕ ਲਾਸ਼ ਦਾ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਪੁਲਿਸ ਨੂੰ ਬੁੱਧਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਨੂੰ ਨਾ ਫੜਿਆ ਤਾਂ ਨਵਜੋਤ ਸਿੰਘ ਸਿੱਧੂ ਖ਼ੁਦ ਸਭ ਤੋਂ ਅੱਗੇ ਹੋ ਕੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰੇਗਾ।
ਇਹ ਵੀ ਪੜ੍ਹੋ: ਜਲਦ ਬੌਡੀ ਬਣਾਉਣ ਦੇ ਚੱਕਰ 'ਚ ਨੌਜਵਾਨ ਪੀੜ੍ਹੀ ਲੈ ਰਹੀ ਸਟੀਰੌਇਡ ਅਤੇ ਖ਼ਤਰਨਾਕ ਸਪਲੀਮੈਂਟ