ਲੁਧਿਆਣਾ/ਪਠਾਨਕੋਟ/ਸੰਗਰੂਰ : ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਯਾਨੀ ਐਤਵਾਰ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਦੇ 22 ਅਤੇ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਪੀਐਮ ਮੋਦੀ ਵੀਡਿਓ ਕਾਨਫਰੰਸ ਰਾਹੀਂ ਜੁੜੇ। ਇਸੇ ਲੜੀ ਤਹਿਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ ਵੀ ਆਧੁਨਿਕ ਕਰਨ ਕੀਤਾ ਜਾ ਰਿਹਾ ਹੈ, ਜਿੱਥੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਸਟੇਸ਼ਨ ਦੇ ਕੰਮ ਦੀ ਸ਼ੁਰੂਆਤ ਕਰਨ ਲਈ ਅੱਜ ਐਮਪੀ ਸੋਮ ਪ੍ਰਕਾਸ਼ ਲੁਧਿਆਣਾ ਸਟੇਸ਼ਨ ਪੁੱਜੇ।
ਲੁਧਿਆਣਾ ਇੱਕ ਸਨਅਤੀ ਸ਼ਹਿਰ : ਲੁਧਿਆਣਾ ਪੁੱਜੇ ਐਮਪੀ ਸੋਮ ਪ੍ਰਕਾਸ਼, ਕਿਹਾ ਸਟੇਸ਼ਨ ਦੇ ਆਧੁਨਿਕੀਕਰਨ ਨਾਲ ਲੁਧਿਆਣਾ ਦੇ ਵਿਕਾਸ ਵਿੱਚ ਨਵਾਂ ਅਧਿਆਏ ਜੁੜਿਆ ਹੈ। ਇਸ ਸਮਾਗਮ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਲੁਧਿਆਣਾ ਇੱਕ ਸਨਅਤੀ ਸ਼ਹਿਰ ਹੈ ਜਿਸ ਕਾਰਨ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਦੇ ਨਾਲ-ਨਾਲ ਸਨਅਤਕਾਰ ਅਤੇ ਕਾਰੋਬਾਰੀ ਵੀ ਇੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਰੇਲਵੇ ਦੀ ਇਸ ਸਕੀਮ ਵਿੱਚ ਲੁਧਿਆਣਾ ਸਟੇਸ਼ਨ ਨੂੰ ਰੱਖ ਕੇ ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਦੇ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖਿਆ ਹੈ।
ਪਠਾਨਕੋਟ 'ਚ ਕਰੀਬ 100 ਸਾਲ ਪੁਰਾਣੇ ਸਿਟੀ ਰੇਲਵੇ ਸਟੇਸ਼ਨ ਦੀ ਬਦਲੇਗੀ ਤਸਵੀਰ! : ਉਪਰੋਕਤ ਲੜੀ ਤਹਿਤ ਕਰੀਬ 100 ਸਾਲ ਪੁਰਾਣਾ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਵੀ ਪੰਜਾਬ ਦੇ ਉਨ੍ਹਾਂ 22 ਰੇਲਵੇ ਸਟੇਸ਼ਨਾਂ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਦਾ ਨਵੀਨੀਕਰਨ ਹੋਣਾ ਹੈ। ਇੱਥੇ ਕਰੀਬ 12 ਕਰੋੜ ਦੀ ਲਾਗਤ ਨਾਲ ਸਿਟੀ ਰੇਲਵੇ ਸਟੇਸ਼ਨ ਦੀ ਦਿੱਖ ਬਦਲੀ ਜਾਵੇਗੀ, ਜਿਸ ਦੀ ਉਸਾਰੀ ਦਾ ਕੰਮ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਤਰੀਕੇ ਨਾਲ ਕੀਤਾ। ਇਸ ਮੌਕੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਵਰਕਰ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰ ਅਤੇ ਸਥਾਨਕ ਲੋਕ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਅੱਜ ਵੀ ਜ਼ਿਆਦਾਤਰ ਲੋਕ ਦੇਸ਼ ਅਸੀਂ ਆਪਣੀ ਯਾਤਰਾ ਰੇਲ ਗੱਡੀਆਂ ਰਾਹੀਂ ਕਰਦੇ ਹਾਂ ਅਤੇ ਇਸ ਨਵੀਨੀਕਰਨ ਨਾਲ ਸਟੇਸ਼ਨਾਂ 'ਤੇ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ, ਯਾਤਰੀਆਂ ਨੂੰ ਸਟੇਸ਼ਨ 'ਤੇ ਮੁਫਤ ਵਾਈ-ਫਾਈ ਦੀ ਸਹੂਲਤ ਮਿਲੇਗੀ, ਜਿਸ ਲਈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਦਾ ਧੰਨਵਾਦ ਕਰਦੇ ਹਾਂ।
ਸੰਗਰੂਰ 'ਚ ਰੰਗਾ-ਰੰਗ ਪ੍ਰੋਗਰਾਮ: ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਹੋਇਆ ਹੈ। ਛੇ ਮਹੀਨੇ ਦੇ ਅੰਦਰ ਪੂਰੀ ਤਰ੍ਹਾਂ ਰੇਲਵੇ ਸਟੇਸ਼ਨ ਤਿਆਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਮੁਫ਼ਤ ਇੰਟਰਨੈੱਟ ਸੇਵਾ ਪਾਰਕਿੰਗ, ਏਸੀ ਹਾਲ ਅਤੇ ਕਈ ਸਹੂਲਤਾਂ ਦੇ ਨਾਲ ਨਵਾਂ ਰੇਲਵੇ ਲੈਸ ਹੋਵੇਗਾ। ਸੰਗਰੂਰ ਦਾ ਰੇਲਵੇ ਸਟੇਸ਼ਨ ₹25 ਕਰੋੜ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾਵੇਗਾ। ਮੁੰਬਈ ਅਤੇ ਉਜੈਨ ਦੇ ਰੂਟ ਦੀ ਦਰਖ਼ਾਸਤ ਵੀ ਜਲਦੀ ਹੀ ਪਾਸ ਹੋ ਸਕਦੀ ਹੈ। ਇਨ੍ਹਾਂ ਗੱਲਾਂ ਦਾ ਜ਼ਿਕਰ ਇਸ ਮੌਕੇ ਉੱਤੇ ਪਹੁੰਚੇ ਭਾਜਪਾ ਮੀਤ ਪ੍ਰਧਾਨ ਅਰਵਿੰਦ ਖੰਨਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ, ਸੰਗਰੂਰ ਧਰਮਿੰਦਰ ਸਿੰਘ ਨੇ ਕੀਤਾ। ਇਸ ਮੌਕੇ ਭਾਜਪਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਪੰਜਾਬ ਦੀ ਆਪ ਸਰਕਾਰ ਉੱਤੇ ਵੀ ਨਿਸ਼ਾਨੇ ਸਾਧੇ।
ਰੋਪੜ ਤੇ ਮਾਨਸਾ ਦੇ ਰੇਲਵੇ ਸਟੇਸ਼ਨਾਂ ਲਈ ਵੀ ਰਾਸ਼ੀ ਦਾ ਐਲਾਨ: ਇਸ ਤੋਂ ਇਲਾਵਾ ਰੋਪੜ ਤੇ ਮਾਨਸਾ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਸਾ ਦੇ ਰੇਲਵੇ ਸਟੇਸ਼ਨ ਦੇ ਨਵੀਨਕਰਨ ਲਈ 24 ਕਰੋੜ ਅਤੇ ਰੋਪੜ ਜ਼ਿਲ੍ਹੇ ਦੇ ਤਿੰਨ ਰੇਲਵੇ ਸਟੇਸ਼ਨ ਰੋਪੜ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਲਈ ਕੁੱਲ 71.5 ਕਰੋੜ ਰੁਪਏ ਜਾਰੀ ਕੀਤੇ ਹਨ।
ਦੱਸਣਯੋਗ ਹੈ ਕਿ ਭਾਰਤ ਦੇ ਲਗਭਗ 1300 ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਹੁਣ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਆਧੁਨਿਕਤਾ ਨਾਲ ਉਨ੍ਹਾਂ ਦਾ ਪੁਨਰ ਵਿਕਾਸ ਕੀਤਾ ਜਾਵੇਗਾ। ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ 'ਤੇ ਹਨ। ਵਿਸ਼ਵ ਪੱਧਰ 'ਤੇ ਭਾਰਤ ਦੀ ਭਰੋਸੇਯੋਗਤਾ ਵਧੀ ਹੈ, ਭਾਰਤ ਪ੍ਰਤੀ ਦੁਨੀਆ ਦਾ ਰਵੱਈਆ ਬਦਲਿਆ ਹੈ। ਹੁਣ ਟ੍ਰੇਨ ਤੋਂ ਸਟੇਸ਼ਨ ਤੱਕ ਬਿਹਤਰ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰੇਕ ਅੰਮ੍ਰਿਤ ਸਟੇਸ਼ਨ ਸ਼ਹਿਰ ਦੀਆਂ ਆਧੁਨਿਕ ਅਕਾਂਖਿਆਵਾਂ ਅਤੇ ਪੁਰਾਤਨ ਵਿਰਸੇ ਦਾ ਪ੍ਰਤੀਕ ਬਣੇਗਾ।