ਫਗਵਾੜਾ: ਸ਼ਹਿਰ ਦੇ ਅਰਬਨ ਸਟੇਟ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ ਏਜੰਟ ਗੁਰਪ੍ਰੀਤ ਕੌਰ ਅਤੇ ਟਰੈਵਲ ਏਜੰਟ ਸੋਨੀਆ ਤੇ ਉਸ ਦੇ ਪਤੀ ਸੰਨੀ ਉੱਤੇ ਦੇਹ ਵਪਾਰ ਕਰਨ ਦਾ ਆਰੋਪ ਲਗਾਇਆ ਹੈ। ਪੀੜਤਾ ਨੇ ਦੱਸਿਆ ਕਿ ਟਰੈਵਲ ਏਜੰਟ ਸੋਨੀਆ ਤੇ ਏਜੰਟ ਗੁਰਪ੍ਰੀਤ ਕੌਰ ਕੁੜੀਆਂ ਨੂੰ ਕੰਮ ਦਿਵਾਉਣ ਦੇ ਨਾਂਅ 'ਤੇ ਦੁਬਈ ਭੇਜਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਏਜੰਟ ਗੁਰਪ੍ਰੀਤ ਕੌਰ ਨੇ ਹੀ ਉਸ ਨੂੰ ਦੁਬਈ ਦੀ ਏਜੰਟ ਸੋਨੀਆ ਦੇ ਸੰਪਰਕ ਵਿੱਚ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਏਜੰਟ ਸੋਨੀਆ ਦੇ ਪਤੀ ਨੇ ਹੀ ਲੱਖ ਰੁਪਏ ਲੈ ਕੇ ਉਸ ਨੂੰ ਦੁਬਈ ਭੇਜਿਆ। ਸੋਨੀਆ ਦੇ ਪਤੀ ਨੇ ਉਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਰਵਾਨਾ ਕੀਤਾ ਤੇ ਸੋਨੀਆ ਨੇ ਉਸ ਨੂੰ ਦੁਬਈ ਏਅਰਪੋਰਟ ਤੋਂ ਰਸੀਵ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਸੋਨੀਆ ਨੇ ਉਸ ਨੂੰ ਸ਼ੇਖ ਨੂੰ 4 ਹਜ਼ਾਰ ਦਰਾਮ ਵਿੱਟ ਵੇਚ ਦਿੱਤਾ ਤੇ ਸੋਨੀਆ ਨੇ ਉਨ੍ਹਾਂ ਦਾ ਪਾਸਪੋਰਟ ਲੈ ਕੇ ਰਫੂ ਚੱਕਰ ਹੋ ਗਈ।
ਪੀੜਤਾ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਸ਼ੇਖ ਨੇ ਦੇਹ ਦਾ ਧੰਦਾ ਕਰਨ ਦੇ ਲਈ ਉਸ ਨਾਲ ਮਾਰਕੁੱਟ ਕੀਤੀ ਜਿਸ ਦੇ ਵਿੱਚ ਉਸ ਦੀ ਇੱਕ ਲੱਤ ਵੀ ਟੁੱਟ ਗਈ। ਉਨ੍ਹਾਂ ਕਿਹਾ ਕਿ ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੇ ਉਥੋਂ ਦੀ ਭੱਜ ਕੇ ਆਪਣੀ ਜਾਨ ਬਚਾਈ ਤੇ ਉਹ ਅੰਬੈਸੀ ਪਹੁੰਚ ਗਈ।
ਉਨ੍ਹਾਂ ਕਿਹਾ ਕਿ ਫਿਰ ਅੰਬੈਸੀ ਦੇ ਅਧਿਕਾਰੀਆਂ ਨੇ ਉਸ ਨੂੰ ਸਫੇਦ ਪਾਸਪੋਰਟ ਜਾਰੀ ਕਰਕੇ 5 ਦਿਨਾਂ ਵਿੱਚ ਭਾਰਤ ਭੇਜਿਆ। ਉਨ੍ਹਾਂ ਨੇ ਕਿਹਾ ਉਨ੍ਹਾਂ ਪੁਲਿਸ ਨੂੰ ਇਸ ਸਬੰਧ ਵਿੱਚ ਦੱਸਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਦੁਬਈ ਵਿੱਚ ਬਹੁਤ ਅਜਿਹੀ ਕੁੜੀਆਂ ਹਨ ਜੋ ਕਿ ਦੇਹ ਵਪਾਰ ਦੀਆਂ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦੁਬਈ ਵਿੱਚ ਫਸੀਆਂ ਕੁੜੀਆਂ ਨੂੰ ਵਾਪਸ ਆਪਣੇ ਦੇਸ਼ ਲਿਆਂਦਾ ਜਾਵੇ।
ਏਜੰਟ ਗੁਰਪ੍ਰੀਤ ਕੌਰ ਨੇ ਕਿਹਾ ਕਿ ਪੀੜਤਾ ਨੇ ਉਸ ਉੱਤੇ ਜੋ ਵੀ ਇਲਜ਼ਾਮ ਲਗਾਏ ਹਨ ਉਹ ਸਭ ਬੇ-ਬੁਨਿਆਦ ਹਨ। ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੀੜਤਾ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ।
ਇਹ ਵੀ ਪੜ੍ਹੋ:ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਕੰਟਰੋਲ 'ਚ