ਲੁਧਿਆਣਾ: ਪੰਜਾਬ ਸਰਕਾਰ ਨੇ ਨਵੇਂ ਮੋਟਰ ਵਹੀਕਲ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜਿੱਥੇ ਕੇਂਦਰ ਸਰਕਾਰ ਨੇ ਮੋਟੇ ਜ਼ੁਰਮਾਨੇ ਲਾਏ ਹਨ, ਉੱਥੇ ਪੰਜਾਬ ਸਰਕਾਰ ਨੇ ਕੁਝ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਦੇ ਚਲਾਨ ਦੇ ਜੁਰਮਾਨੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ।
ਜੇਕਰ ਟ੍ਰੈਫਿਕ ਉਲੰਘਣਾ ਦਾ ਚਲਾਨ ਪਹਿਲੀ ਵਾਰ ਹੁੰਦਾ ਹੈ ਤਾਂ ਉਸ ਦਾ ਜੁਰਮਾਨਾ ਘੱਟ ਰਹੇਗਾ, ਪਰ ਉਹੀ ਜੇ ਟ੍ਰੈਫਿਕ ਦੀ ਉਲੰਘਣਾ ਨੂੰ ਬਾਰ-ਬਾਰ ਕੀਤਾ ਜਾਏਗਾ ਤਾਂ ਉਸ ਦਾ ਜੁਰਮਾਨਾ ਦੁੱਗਣਾ ਜਾਂ ਡੇਢ ਗੁਣਾ ਹੋ ਜਾਏਗਾ।
ਨਵੇਂ ਮੋਟਰ ਵਹੀਕਲ ਐਕਟ ਮੁਤਾਬਕ ਟ੍ਰੈਫਿਕ ਦੀ ਉਲੰਘਣਾ ਦਾ ਚਲਾਨ ਘੱਟੋ ਘੱਟ ਇੱਕ ਏਐਸਆਈ ਰੈਂਕ ਦਾ ਅਫ਼ਸਰ ਹੀ ਕਰ ਸਕਦਾ ਹੈ। ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨਾ ਸਭ ਤੋਂ ਮਹਿੰਗਾ ਪੈ ਸਕਦਾ ਹੈ। ਇਸ ਤੋਂ ਇਲਾਵਾ ਬਿਨਾਂ ਇੰਸ਼ੋਰੈਂਸ ਗੱਡੀ ਚਲਾਉਣ ਵਾਲਿਆਂ ਨੂੰ ਵੀ ਵੱਡਾ ਜੁਰਮਾਨਾ ਦੇਣਾ ਪਵੇਗਾ।
ਪੰਜਾਬ ਸਰਕਾਰ ਦੇ ਨਵੇਂ ਮੋਟਰ ਵਹੀਕਲ ਐਕਟ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ, ਜਿੱਥੇ ਕੁਝ ਲੋਕਾਂ ਨੇ ਇਸ ਨੂੰ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਦੱਸਿਆ ਹੈ,ਉੱਥੇ ਹੀ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜ਼ੁਰਮਾਨੇ ਵਧਾਉਣ ਨਾਲ ਹੁਣ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਤੇ ਠੱਲ੍ਹ ਪਵੇਗੀ।
ਇਹ ਵੀ ਪੜੋ: ਵਿਦੇਸ਼ ਮੰਤਰੀ ਨੇ ਜਸਟਿਨ ਟਰੂਡੋ ਨਾਲ ਆਪਸੀ ਸੰਬੰਧਾਂ ਦੀ ਗੁਣਵੱਤਾ ਵਧਾਉਣ ਲਈ ਕੀਤੀ ਮੁਲਾਕਾਤ
ਕੁਝ ਲੋਕਾਂ ਦਾ ਇਸ ਐਕਟ ਬਾਰੇ ਕਹਿਣਾ ਹੈ ਕਿ ਇਸ ਨਾਲ ਹਾਦਸਿਆਂ ਨੂੰ ਠੱਲ੍ਹ ਪਵੇਗੀ ਅਤੇ ਕੁਝ ਦਾ ਕਹਿਣਾ ਹੈ ਕਿ ਇਹ ਐਕਟ ਲਾਗੂ ਹੋਣ ਨਾਲ ਰਿਸ਼ਵਤ ਵਧੇਗੀ। ਇਸ ਦੇ ਨਾਲ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਲੋਕ ਪਹਿਲਾ ਹੀ ਮੰਦੀ ਦੀ ਮਾਰ ਝੱਲ ਰਹੇ ਹਨ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਹੀ ਮਿਲ ਰਹੀ ਤੇ ਲੋਕ ਇਹ ਚਲਾਨ ਕਿਵੇ ਭਰਨਗੇ।