ਲੁਧਿਆਣਾ: ਅੰਮ੍ਰਿਤਸਰ ਵਿੱਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਵੀ ਲੋਕ ਸਬਕ ਨਹੀਂ ਲੈ ਰਹੇ। ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਦੀ ਧੂਰੀ ਰੇਲ ਲਾਈਨਾਂ ਨੇੜੇ ਅਰੋੜਾ ਫਾਟਕ ਕੋਲ ਵੇਖਣ ਨੂੰ ਮਿਲੀ। ਜਿੱਥੇ ਲਾਈਨਾਂ ਦੇ ਨਾਲ ਲੱਗਦੀ ਇੱਕ ਮੰਡੀ ਆਉਣ ਲਈ ਸੈਂਕੜਿਆਂ ਦੀ ਤਦਾਦ 'ਚ ਲੋਕ ਲਾਈਨਾਂ ਪਾਰ ਕਰਦੇ ਹਨ ਅਤੇ ਕਈ ਵਾਰ ਤਾਂ ਲਾਈਨਾਂ 'ਤੇ ਹੀ ਬੈਠ ਜਾਂਦੇ ਹਨ।
ਆਰਪੀਐਫ ਦੇ ਅਧਿਕਾਰੀ ਲਗਾਤਾਰ ਇਨ੍ਹਾਂ ਲੋਕਾਂ ਨੂੰ ਰੇਲਵੇ ਲਾਈਨਾਂ ਤੋਂ ਹਟਾਉਂਦੇ ਰਹਿੰਦੇ ਹਨ, ਪਰ ਲੋਕ ਇਨ੍ਹਾਂ ਮੁਲਾਜ਼ਮਾਂ ਦੀ ਚਿਤਾਵਨੀ ਨੂੰ ਅਕਸਰ ਨਜ਼ਰਅੰਦਾਜ਼ ਕਰਦੇ ਹਨ। ਰੇਲਵੇ ਵਿਭਾਗ ਵੱਲੋਂ ਇਹ ਸਾਫ਼ ਤੌਰ 'ਤੇ ਕਿਹਾ ਗਿਆ ਹੈ ਕਿ ਰੇਲਵੇ ਲਾਈਨਾਂ ਦੀ 100 ਮੀਟਰ ਦੀ ਦੂਰੀ ਤੱਕ ਕਿਸੇ ਵੀ ਤਰ੍ਹਾਂ ਦਾ ਇਕੱਠ ਨਹੀਂ ਹੋ ਸਕਦਾ, ਪਰ ਉਸ ਦੇ ਬਾਵਜੂਦ ਲੋਕ ਇਨ੍ਹਾਂ ਹੁਕਮਾਂ ਦੀ ਪਰਵਾਹ ਕੀਤੇ ਬਿਨ੍ਹਾਂ ਆਪਣੀ ਜਾਨ ਵੀ ਜ਼ੋਖਿਮ 'ਚ ਪਾ ਰਹੇ ਹਨ। ਇਸ ਸਬੰਧੀ ਜਦੋਂ ਆਰਪੀਐਫ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਇੱਥੋਂ ਦੂਰ ਰਹਿਣ ਦੀ ਚੇਤਾਵਨੀ ਦਿੰਦੇ ਰਹਿੰਦੇ ਹਨ। ਪਰ ਲੋਕ ਫਿਰ ਵੀ ਨਹੀਂ ਹਟਦੇ।