ਲੁਧਿਆਣਾ: ਦੇਸ਼ ਭਰ ਵਿੱਚ ਜਿੱਥੇ ਕੋਰੋਨਾ ਵਾਇਰਸ ਨਾਲ ਲੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਮਹਿਕਮੇ ਲਗਾਤਾਰ ਉਪਰਾਲੇ ਕਰ ਰਿਹਾ ਹੈ, ਉੱਥੇ ਹੀ ਮੀਡੀਆ ਦਾ ਵੀ ਫਰਜ਼ ਬਣਦਾ ਹੈ ਕਿ ਲੋਕਾਂ ਤੱਕ ਸਹੀ ਤੇ ਸੱਚੀ ਜਾਣਕਾਰੀ ਹੀ ਪਹੁੰਚਾਈ ਜਾਵੇ।
ਇਸ ਦੇ ਬਾਵਜੂਦ ਕੁਝ ਮੀਡੀਆ ਚੈਨਲ ਬਿਨਾਂ ਕਿਸੇ ਆਧਾਰ ਤੇ ਦਸਤਾਵੇਜ਼ਾਂ ਤੋਂ ਲੋਕਾਂ ਨੂੰ ਕੋਰੋਨਾ ਵਾਇਰਸ ਪੀੜਤ ਹੋਣ ਦੀਆਂ ਖ਼ਬਰਾਂ ਚਲਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਲੋਕਾਂ ਵੱਲੋਂ ਵੀ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਬਾਰੇ ਇਹ ਖ਼ਬਰ ਚਲਾਈ ਜਾ ਰਹੀ ਹੈ।
ਅਜਿਹਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਵਿੱਚ ਜਿੱਥੇ ਪਹਿਲਾਂ ਇੱਕ ਨਿੱਜੀ ਵੈੱਬ ਚੈਨਲ ਵੱਲੋਂ ਇੱਕ ਵੱਡੀ ਕੰਪਨੀ ਦੇ ਮਾਲਕ ਨੂੰ ਕੋਰੋਨਾ ਵਾਇਰਸ ਪੀੜਤ ਹੋਣ ਦੀ ਖ਼ਬਰ ਨਸ਼ਰ ਕਰ ਦਿੱਤੀ ਗਈ ਤੇ ਫਿਰ ਜਗਰਾਉਂ ਤੋਂ ਬਲਜੀਤ ਸਿੰਘ ਨੂੰ ਕਰੋਨਾ ਵਾਇਰਸ ਪੀੜਤ ਦੱਸਿਆ ਗਿਆ।
ਇੱਥੋਂ ਤੱਕ ਕਿ ਕਈ ਮੀਡੀਆ ਚੈਨਲਾਂ ਵੱਲੋਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਸੀਨੀਅਰ ਡਾਕਟਰ ਸੰਦੀਪ ਪੁਰੀ ਨੂੰ ਵੀ ਕਰੋਨਾ ਵਾਇਰਸ ਪੌਜ਼ੀਟਿਵ ਦੱਸਿਆ ਗਿਆ। ਇਸ ਕਾਰਨ ਇਨ੍ਹਾਂ ਸਾਰਿਆਂ ਨੇ ਆਪੋ-ਆਪਣਾ ਸੋਸ਼ਲ ਮੀਡੀਆ 'ਤੇ ਆ ਕੇ ਸਪੱਸ਼ਟੀਕਰਨ ਦਿੱਤਾ। ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਵੀ ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਝੂਠੀਆਂ ਖ਼ਬਰਾਂ ਦਾ ਸਖ਼ਤ ਸ਼ਬਦਾਂ 'ਚ ਖੰਡਨ ਕੀਤਾ ਹੈ।
ਬੀਤੇ ਦਿਨੀਂ ਕੁਝ ਮੀਡੀਆ ਵੱਲੋਂ ਇਹ ਖ਼ਬਰਾਂ ਨਸ਼ਰ ਕੀਤੀਆਂ ਗਈਆਂ ਸਨ ਕਿ ਡੀਐੱਮਸੀ 'ਚ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਕਰਦਿਆਂ ਡਾ. ਸੰਦੀਪ ਪੁਰੀ ਨੂੰ ਵੀ ਵਾਇਰਸ ਹੋ ਗਿਆ ਹੈ ਤੇ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਹੈ ਜਿਸ ਤੋਂ ਬਾਅਦ ਸੰਦੀਪ ਪੁਰੀ ਖ਼ੁਦ ਸੋਸ਼ਲ ਮੀਡੀਆ 'ਤੇ ਆ ਕੇ ਆਪਣਾ ਸਪੱਸ਼ਟੀਕਰਨ ਦੇ ਰਹੇ ਹਨ।
ਇਸ ਦੇ ਨਾਲ ਹੀ ਕਹਿ ਰਹੇ ਹਨ ਕਿ ਮੀਡੀਆ ਬਿਨਾਂ ਅਧਿਕਾਰਿਕ ਪੁਸ਼ਟੀ ਤੋਂ ਕਿਸੇ ਨੂੰ ਵੀ ਕਰੋਨਾ ਵਾਇਰਸ ਨਾਲ ਪੀੜਤ ਨਾ ਦੱਸੇ। ਜਗਰਾਓਂ ਦੇ ਬਲਜੀਤ ਸਿੰਘ ਨੂੰ ਖੁਦ ਸੋਸ਼ਲ ਮੀਡੀਆ 'ਤੇ ਆ ਕੇ ਆਪਣਾ ਸਪੱਸ਼ਟੀਕਰਨ ਦੇਣਾ ਪਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਖਾਂਸੀ ਸੀ ਜਿਸ ਦੇ ਰੁਟੀਨ ਚੈਕਅੱਪ ਲਈ ਉਹ ਹਸਪਤਾਲ ਗਿਆ ਤੇ ਹਸਪਤਾਲ 'ਚ ਜੋ ਮੁੱਢਲੇ ਟੈਸਟ ਕਰਵਾਏ ਗਏ ਉਸ ਵਿੱਚ ਸਾਰੀਆਂ ਰਿਪੋਰਟਾਂ ਨੈਗੇਟਿਵ ਆਈਆਂ।
ਇਸੇ ਤਰ੍ਹਾਂ ਦੂਜੇ ਪਾਸੇ ਬੋਨ ਬ੍ਰੈੱਡ ਦੇ ਮੁਖੀ ਨੇ ਵੀ ਸੋਸ਼ਲ ਮੀਡੀਆ ਤੇ ਆ ਕੇ ਕਿਹਾ ਕਿ ਉਹ ਬਿਲਕੁੱਲ ਤੰਦਰੁਸਤ ਹਨ ਤੇ ਮੀਡੀਆ ਅਦਾਰਿਆਂ ਨੂੰ ਅਜਿਹੀਆਂ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ।