ਲੁਧਿਆਣਾ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਸਮੁੱਚੀ ਦੁਨੀਆ 'ਚ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿਥੇ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਵਿਖੇ ਵੀ ਵਿਸ਼ੇਸ਼ ਤੌਰ 'ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਲਈ ਅਰਦਾਸ ਕਰਵਾਈ ਗਈ।
ਸੋਮਵਾਰ ਨੂੰ ਸਮਾਗਮ ਦੌਰਾਨ ਸਵੇਰ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਸਰਵਣ ਕਰਵਾਇਆ ਗਿਆ। ਇਸ ਦੇ ਨਾਲ ਹੀ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਲੁਧਿਆਣਾ ਇੰਡਸਟਰੀ ਦੇ ਚੇਅਰਮੈਨ ਅਮਰਜੀਤ ਟਿੱਕਾ ਨੇ ਸਮੂਹ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਸਾਨਾਂ ਦੀ ਜਿੱਤ ਲਈ ਵਿਸ਼ੇਸ਼ ਤੌਰ 'ਤੇ ਅਰਦਾਸ ਵੀ ਕਰਵਾਈ।
ਇਸ ਮੌਕੇ ਜਿਥੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਧਾਨ ਅਤੇ ਇੰਡਸਟਰੀ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਸਮੁੱਚੀ ਦੁਨੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ, ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਦਾ ਅੰਨਦਾਤਾ ਅੱਜ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਦਿੱਲੀ ਅੰਦੋਲਨ 'ਚ ਲੱਗਿਆ ਹੋਇਆ ਹੈ ਅਤੇ ਲੋੜ ਹੈ ਕਿ ਅੱਜ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਦੀ ਜਿੱਤ ਦੀ ਅਰਦਾਸ ਕਰਵਾਈ ਜਾਵੇ।
ਉਨ੍ਹਾਂ ਸਮੂਹ ਸੰਗਤਾਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਉਨ੍ਹਾਂ ਦੀ ਜਿੱਤ ਲਈ ਅਰਦਾਸ ਕਰਨ ਤਾਂ ਜੋ ਉਹ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਲੜ ਰਹੇ ਲੜਾਈ ਨੂੰ ਜਿੱਤ ਕੇ ਆਉਣ।