ਲੁਧਿਆਣਾ: ਅਜਿਹਾ ਹੀ ਇੱਕ ਕਾਂਸਟੇਬਲ ਹੈ ਜਿਸ ਦੀ ਚਿੱਤਰਕਾਰੀ ਨੇ ਸਾਰਿਆਂ ਦੇ ਦਿਲ ਮੋਹ ਲਏ। ਗੱਲ ਕਰ ਰਹੇ ਹਾਂ ਜਲੰਧਰ ਵਿੱਚ ਤਾਇਨਾਤ ਸੀਨੀਅਰ ਕਾਂਸਟੇਬਲ ਅਸ਼ੋਕ ਕੁਮਾਰ ਦੀ, ਜਿਨ੍ਹਾਂ ਨੇ ਆਪਣੀ ਚਿੱਤਰਕਾਰੀ ਨਾਲ ਇੱਕ ਵਾਰ ਨਹੀਂ, ਸਗੋਂ ਤਿੰਨ ਵਾਰ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈ। ਜੇਕਰ ਅਸ਼ੋਕ ਦੇ ਰਹਿਣ ਦੀ ਗੱਲ ਕਰੀਏ ਤਾਂ ਉਹ ਲੁਧਿਆਣਾ ਸ਼ਹਿਰ ਦਾ ਵਾਸੀ ਹੈ।
ਪੰਜਾਬ ਪੁਲਿਸ 'ਚ ਬਤੌਰ ਸੀਨੀਅਰ ਕਾਂਸਟੇਬਲ
ਅਸ਼ੋਕ ਕੁਮਾਰ ਪਹਿਲਾਂ ਚੰਡੀਗੜ੍ਹ ਲੇਕ 'ਤੇ ਬੈਠ ਕੇ ਲੋਕਾਂ ਦੇ ਪੋਰਟਰੇਟ ਬਣਾਇਆ ਕਰਦੇ ਸੀ ਜਿਸ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਬਤੌਰ ਸੀਨੀਅਰ ਕਾਂਸਟੇਬਲ ਭਰਤੀ ਹੋ ਗਏ ਅਤੇ ਫਿਰ ਡਿਊਟੀ ਦੇ ਨਾਲ ਨਾਲ ਆਪਣੇ ਹੁਨਰ ਨੂੰ ਹੋਰ ਵੀ ਵਿਕਸਿਤ ਕਰਦੇ ਰਹੇ।
ਹੁਣ ਤੱਕ ਕਈ ਐਵਾਰਡ ਕੀਤੇ ਹਾਸਲ
ਅਸ਼ੋਕ ਕੁਮਾਰ ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਚਿੱਤਰਕਾਰੀ ਕਰਦੇ ਆ ਰਹੇ ਹਨ। ਜਿਵੇਂ ਹੀ ਉਨ੍ਹਾਂ ਦਾ ਹੁਨਰ ਹੋਰ ਨਿਖਰਦਾ ਗਿਆ ਤਾਂ ਉਨ੍ਹਾਂ ਨੂੰ ਐਵਾਰਡ ਮਿਲਣੇ ਸ਼ੁਰੂ ਹੋਏ ਗਏ। ਇੰਡੀਆ ਬੁਕ ਆਫ ਰਿਕਾਰਡ ਅਤੇ ਏਸ਼ੀਆ ਵਰਲਡ ਰਿਕਾਰਡ 'ਚ ਉਨ੍ਹਾਂ ਦਾ ਤਿੰਨ ਵਾਰ ਨਾਮ ਦਰਜ ਹੋ ਚੁੱਕਾ ਹੈ। ਹੁਣ ਗਿਨੀਜ਼ ਵਰਲਡ ਰਿਕਾਰਡ ਦੀ ਤਿਆਰੀ ਕਰ ਰਹੇ ਹਨ, ਤਾਂ ਜੋ ਪੰਜਾਬ ਪੁਲਿਸ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ।
ਮਿਨਿਏਚਰ ਪੇਂਟਿੰਗ ਤੋਂ ਸ਼ੁਰੂਆਤ
ਅਸ਼ੋਕ ਨੇ ਹੁਣ ਤੱਕ ਮਿਨਿਏਚਰ ਪੇਂਟਿੰਗ ਬਣਾਓਣੀ ਸ਼ੁਰੂ ਕੀਤੀ ਜਿਸ 'ਚ ਦੇਸ਼ ਦੇ ਰਾਸ਼ਟਰਪਤੀ, ਸਿਖ ਪੰਥ ਦੇ ਦੱਸ ਗੁਰੂਆਂ ਸਮੇਤ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਔਰਤਾਂ ਦੀਆਂ ਮਿਨਿਏਚਰ ਪੇਂਟਿੰਗ ਬਣਾ ਚੁੱਕੇ ਹਨ। ਅਸ਼ੋਕ ਦੀ ਚਿੱਤਰਕਾਰੀ 'ਚ ਸਿਰਫ ਬਲੈਕ ਐਂਡ ਵਾਇਟ ਰੰਗ ਦੇਖਣ ਨੂੰ ਮਿਲਦੇ ਹਨ। ਅਸ਼ੋਕ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਪੇਂਟਿੰਗ ਬਣਾਈ ਗਈ ਸੀ ਜਿਸ ਲਈ ਉਹ ਸਨਮਾਨਿਤ ਵੀ ਹੋ ਚੁੱਕੇ ਹਨ।
ਪੰਜਾਬ ਪੁਲਿਸ ਦੀ ਸਖ਼ਤ ਡਿਊਟੀ ਕਰਨ ਦੇ ਬਾਵਜੂਦ ਅਸ਼ੋਕ ਕੁਮਾਰ ਨੇ ਆਪਣੀ ਚਿੱਤਰਕਾਰੀ ਨੂੰ ਇੰਨਾ ਵਿਕਸਿਤ ਕੀਤਾ ਹੈ ਕਿ ਉਹ ਇੱਕ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਹਨ। ਪਰ, ਫਿਰ ਵੀ ਉਹ ਹੋਰ ਅੱਗੇ ਵੱਧਣ ਦੀ ਇੱਛਾ ਰੱਖਦੇ ਹਨ, ਜੋ ਕਿ ਇਨੀ ਦਿਨੀ ਲੋਕਾਂ 'ਚ ਘੱਟ ਦੇਖਣ ਨੂੰ ਮਿਲਦੀ ਹੈ। ਹੁਣ ਉਨ੍ਹਾਂ ਦਾ ਟੀਚਾ ਵਿਸ਼ਵ ਪੱਧਰ 'ਤੇ ਚਿੱਤਰਕਾਰੀ 'ਚ ਮੁਹਾਰਤ ਹਾਸਿਲ ਕਰਨਾ ਹੈ ਅਤੇ ਉਸ ਦੇ ਇਸ ਜਜ਼ਬੇ ਨੂੰ ਸਾਡੇ ਵੱਲੋਂ ਵੀ ਸਿੱਜਦਾ ਹੈ।