ਖੰਨਾ: ਦੇਰ ਰਾਤ ਓਵਰਸਪੀਡ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਇਹਨਾਂ ਦੀ ਉਮਰ 25 ਤੋਂ 30 ਸਾਲ ਸੀ। ਜਦਕਿ ਤੀਸਰਾ ਨੌਜਵਾਨ ਗੰਭੀਰ ਜ਼ਖ਼ਮੀ ਹੈ। ਹਾਦਸਾ ਸਮਰਾਲਾ ਰੋਡ ਵਿਖੇ ਵਾਪਰਿਆ। ਜਿੱਥੇ ਇਹ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ ਉਪਰ ਬੈਠੇ ਸੀ। ਕਾਰ ਸਵਾਰ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਰਕੇ ਕਾਰ ਉਪਰ ਕੰਟਰੋਲ ਨਹੀਂ ਹੋਇਆ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨੂੰ ਤੋੜਦੀ ਹੋਈ ਨੌਜਵਾਨਾਂ ਉਪਰ ਚੜ੍ਹ ਗਈ। ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਦੋਸ਼ੀਆਂ ਦਾ ਸਾਥ ਦੇਣ ਦਾ ਇਲਜ਼ਾਮ ਲਾਇਆ ਹੈ।
ਹਾਦਸੇ ਵਿੱਚ ਦੋ ਨੌਜਵਾਨ ਹਲਾਕ, ਤੀਜਾ ਵੈਂਟੀਲੇਟਰ ਉਤੇ: ਪ੍ਰਤੱਖਦਰਸ਼ੀ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਜਦੋਂ ਬੈਂਚ ਉਪਰ ਬੈਠੇ ਸੀ ਤਾਂ ਤੇਜ਼ ਰਫ਼ਤਾਰ ਨਾਲ ਕਾਰ ਆਈ। ਕਾਰ ਡਰਾਈਵਰ ਨੇ ਕੋਈ ਬ੍ਰੇਕ ਨਹੀਂ ਲਗਾਈ। ਕਾਰ ਦਰੱਖਤ ਨੂੰ ਤੋੜਦੀ ਹੋਈ ਆਟਾ ਚੱਕੀ ਦੇ ਬਾਹਰ ਪਏ ਇੱਕ ਭਾਰੀ ਪੱਥਰ ਵਿੱਚ ਵੱਜੀ ਅਤੇ ਫਿਰ ਨੌਜਵਾਨਾਂ ਉਪਰ ਚੜ੍ਹ ਗਈ। ਪੱਥਰ ਇੱਕ ਨੌਜਵਾਨ ਉਪਰ ਜਾ ਕੇ ਡਿੱਗਿਆ। ਉਸਦੀ ਮੌਕੇ ਉਤੇ ਮੌਤ ਹੋ ਗਈ। ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ। ਤੀਜਾ ਵੈਂਟੀਲੇਟਰ ਉਤੇ ਹੈ। ਪਰਮਜੀਤ ਨੇ ਕਿਹਾ ਕਿ ਪੁਲਿਸ ਜਾਂਚ ਲਈ ਆਈ ਸੀ ਤਾਂ ਕਾਰ ਵਾਲਿਆਂ ਦਾ ਹੀ ਸਾਥ ਦੇ ਰਹੀ ਸੀ। ਪਰਮਜੀਤ ਨੇ ਕਿਹਾ ਕਿ ਇੱਕ ਢਾਬਾ ਮਾਲਕ ਨੇ ਵੀ ਸਰਕਾਰੀ ਹਸਪਤਾਲ ਅੰਦਰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਇਹੋ ਜਿਹਾ ਤਾਂ ਹੁੰਦਾ ਰਹਿੰਦਾ ਹੈ ਜੋ ਕਰਨਾ ਕਰ ਲਓ।
- Fire Crackers Factory Explosion: ਪੱਛਮੀ ਬੰਗਾਲ ਵਿਖੇ ਪਟਾਕਾ ਫੈਕਟਰੀ ਵਿੱਚ ਧਮਾਕਾ, ਤਿੰਨ ਦੀ ਮੌਤ
- Pathankot Crime News: 6 ਨੌਜਵਾਨਾਂ ਨੇ ਨਸ਼ੇ ਦੀ ਹਾਲਤ ਵਿੱਚ ਦੁਕਾਨਦਾਰ ਦਾ ਕੀਤਾ ਕਤਲ, ਘਟਨਾ ਸੀਸੀਟੀਵੀ ਵਿੱਚ ਕੈਦ
- Accident News: ਟਰੱਕ ਤੇ ਸਕੂਟਰੀ ਵਿਚਕਾਰ ਭਿਆਨਕ ਟੱਕਰ, ਇਕ ਨੌਜਵਾਨ ਦੀ ਮੌਤ, ਦੋ ਬੱਚੇ ਗੰਭੀਰ
ਪੁਲਿਸ ਦੀ ਕਾਰਵਾਈ ਉਤੇ ਸਵਾਲ: ਇੱਕ ਹੋਰ ਪ੍ਰਤੱਖਦਰਸ਼ੀ ਅਮਰਦੀਪ ਸਿੰਘ ਅਨੁਸਾਰ ਉਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ ਤਾਂ ਉਸਦੀਆਂ ਅੱਖਾਂ ਸਾਮਣੇ ਇਹ ਦਰਦਨਾਕ ਹਾਦਸਾ ਹੋਇਆ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਜਿਹੜਾ ਪੱਥਰ 10 ਜਣੇ ਮੁਸ਼ਕਲ ਨਾਲ ਚੁੱਕ ਸਕਦੇ ਹਨ ਉਹ ਪੱਥਰ ਕਾਰ ਨੇ 25 ਕਦਮਾਂ ਦੂਰ ਮਾਰਿਆ। ਪੁਲਿਸ ਦੀ ਕਾਰਵਾਈ ਉਪਰ ਸਵਾਲ ਚੁੱਕਦੇ ਹੋਏ ਅਮਰਦੀਪ ਨੇ ਕਿਹਾ ਕਿ ਪੁਲਿਸ ਸਬੂਤ ਮਿਟਾਉਣ ਦੇ ਮਕਸਦ ਨਾਲ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਲੈਣ ਆ ਗਈ ਸੀ ਕਿਉਂਕਿ ਕਾਰ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਸੀ। ਇੱਕ ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਦੇ ਨਾਲ ਉਸਦੇ 2 ਭਤੀਜੇ ਬੈਠੇ ਸੀ। ਇਨ੍ਹਾਂ ਉਪਰ ਕਾਰ ਆਕੇ ਚੜ੍ਹੀ। ਉਨ੍ਹਾਂ ਨੇ ਵੀ ਪੁਲਿਸ ਦੀ ਕਾਰਵਾਈ ਉਪਰ ਸਵਾਲ ਚੁੱਕੇ ਹਨ।
ਪੁਲਿਸ ਦਾ ਬਿਆਨ: ਦੂਜੇ ਪਾਸੇ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ ਉਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਸਪੀਡ ਬਹੁਤ ਤੇਜ਼ ਸੀ। ਕਾਰ ਸਵਾਰਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ, ਜਿਸ ਕਰਕੇ ਇਸ ਹਾਦਸੇ ਵਿੱਚ ਦੋ ਮੌਤਾਂ ਹੋਈਆਂ। ਇੱਕ ਦੀ ਮੌਤ ਮੌਕੇ ਉਤੇ ਹੀ ਹੋ ਗਈ ਸੀ। ਬਾਕੀ ਦੋ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਖੰਨਾ ਤੋਂ ਰੈਫਰ ਕੀਤਾ ਗਿਆ। ਦੂਜੇ ਨੌਜਵਾਨ ਦੀ ਰਸਤੇ ਵਿੱਚ ਮੌਤ ਹੋ ਗਈ। ਤੀਜਾ ਨੌਜਵਾਨ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ। ਕਾਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਉਸਦਾ ਇਲਾਜ ਚੱਲ ਰਿਹਾ ਹੈ।