ਲੁਧਿਆਣਾ: ਖੰਨਾ ਦੇ ਨੇੜਲੇ ਪਿੰਡ ਦਹਿੜੂ ਵਿੱਚ ਰਾਓ ਡੇਅਰੀ ਫਾਰਮ ਵਿੱਚ ਮਰਨ ਵਾਲੀਆਂ ਮੱਝਾਂ ਦੀ ਗਿਣਤੀ 37 ਹੋ ਗਈ ਹੈ। ਆਧੁਨਿਕ ਸਾਜੋ-ਸਾਮਾਨ ਨਾਲ ਲੈਸ ਕਰੀਬ 500 ਮੱਝਾਂ ਅਤੇ ਗਾਵਾਂ ਵਾਲਾ ਇਹ ਫਾਰਮ ਕਿਸਾਨ ਰਜਿੰਦਰ ਪਾਲ ਸਿੰਘ ਦਾ ਹੈ।
ਪਿਛਲੇ ਦਿਨੀਂ ਇੱਕ ਨਾਮੀ ਬ੍ਰਾਂਡ ਦੀ ਫੀਡ ਵਰਤਣ ਕਾਰਨ ਰਜਿੰਦਰ ਪਾਲ ਸਿੰਘ ਦੀਆਂ 37 ਤਾਜ਼ਾ ਸੂਈਆਂ ਅਤੇ ਗੱਭਣ ਮੱਝਾਂ ਅਚਾਨਕ ਮੌਤ ਦਾ ਸ਼ਿਕਾਰ ਹੋ ਗਈਆਂ। ਜਿਸ ਨਾਲ ਡੇਅਰੀ ਫਾਰਮ ਮਾਲਕ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।
ਇਸ ਸਬੰਧੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀਰਵਾਰ ਨੂੰ ਫਾਰਮ ਦਾ ਦੌਰਾ ਕਰ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਫਿਲਹਾਲ ਮੱਝਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਨਤੀਜਿਆਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਡੇਅਰੀ ਫਾਰਮ ਦੇ ਮਾਲਕ ਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਦਿਨ ਰਾਤ ਡਾਕਟਰਾਂ ਦੀ ਟੀਮ ਮੱਝਾਂ ਦੇ ਇਲਾਜ ਵਿੱਚ ਲੱਗੀ ਹੋਈ ਹੈ ਪਰ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ।