ਲੁਧਿਆਣਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਵੱਲੋਂ, ਲੁਧਿਆਣਾ ਵਿੱਚ ਉਨ੍ਹਾਂ ਦੀ ਸਰਕਾਰ ਬਣਨ ‘ਤੇ ਲੋਕਾਂ ਨੂੰ ਇੱਕ ਹੋਰ ਗਾਰੰਟੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਗਰੰਟੀ ‘ਚ ਉਨ੍ਹਾਂ ਨੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਦੀ ਗੱਲ ਕੀਤੀ ਗਈ ਹੈ। ਇਸ ਦੇ ਤਹਿਤ ਉਨ੍ਹਾਂ ਨੇ 6 ਗਰੰਟੀਆਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਮੁਫਤ ਟੈਸਟ, ਮੁਫਤ ਇਲਾਜ, ਮੁਫਤ ਦਵਾਈਆਂ ਸ਼ਾਮਿਲ ਹਨ। ਮੁਫਤ ਆਪਰੇਸ਼ਨ ਬਾਰੇ ਕਿਹਾ ਗਿਆ ਹੈ। ਕੇਜਰੀਵਾਲ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵਾਂ ਭੂਚਾਲ ਆ ਗਿਆ ਹੈ। ਅਕਾਲੀ ਦਲ ਅਤੇ ਭਾਜਪਾ ਦੇ ਨਾਲ-ਨਾਲ ਕਾਂਗਰਸ ਨੇ ਵੀ ਕੇਜਰੀਵਾਲ ਦੀ ਇਸ ਗਰੰਟੀ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਉਹ ਸਫਲ ਨਹੀਂ ਹੋ ਸਕਦੇ।
ਕੇਜਰੀਵਾਲ ਦੀ ਕੀ ਹੈ ਗਰੰਟੀ ?
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਬਣਨ 'ਤੇ ਪੰਜਾਬ ਦੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਦੀ ਗੱਲ ਕਰਦਿਆਂ ਲੋਕਾਂ ਲਈ ਮੁਫਤ ਸਿਹਤ ਕਾਰਡ ਬਣਾਉਣ ਦੀ ਗੱਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ ਬਣਾਉਣ ਦੀ ਸਹੂਲਤ ਦੇਣ ਦੀ ਗੱਲ ਕਹੀ ਗਈ ਹੈ।
ਕਾਂਗਰਸ ਨੇ ਕੇਜਰੀਵਾਲ ਨੂੰ ਦਿੱਲੀ ਸੰਭਾਲਣ ਦੀ ਦਿੱਤੀ ਨਸੀਹਤ
ਕਾਂਗਰਸ ਵੱਲੋਂ ਅਰਵਿੰਦ ਕੇਜਰੀਵਾਲ ਉੱਪਰ ਸਵਾਲ ਚੁੱਕੇ ਗਏ ਹਨ। ਲੁਧਿਆਣਾ ਦੇ ਕਾਂਗਰਸੀ ਵਿਧਾਇਕ ਨੇ ਅਰਵਿੰਦ ਕੇਜਰੀਵਾਲ ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਐਲਾਨ ਕਰਨ ਤੋਂ ਪਹਿਲਾਂ ਦਿੱਲੀ ਨੂੰ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਕੋਲ ਅਜਿਹੇ ਐਲਾਨ ਕਰਨ ਦਾ ਕੀ ਅਧਿਕਾਰ ਹੈ। ਇਸਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈਕੇ ਵੀ ਕੇਜਰੀਵਾਲ ਉੱਪਰ ਸਵਾਲ ਚੁੱਕੇ ਗਏ ਹਨ।
ਅਕਾਲੀ ਦਲ ਨੇ ਕੇਜਰੀਵਾਲ ਨੂੰ ਦੱਸਿਆ ਝੂਠਾ
ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਵੀ ਕੇਜਰੀਵਾਲ ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕੇਜਰੀਵਾਲ ਨੁੂੰ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਨੂੰ ਝੂਠਾ ਤੱਕ ਆਖ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਗਰੰਟੀ ਦਿੱਤੀ ਹੈ ਇਸ ਲਈ ਪੈਸਾ ਉਹ ਕਿੱਥੋਂ ਲਿਆਉਣਗੇ।
ਭਾਜਪਾ ਨੇ ਕੇਜਰੀਵਾਲ ‘ਤੇ ਸਾਧੇ ਨਿਸ਼ਾਨੇ
ਜਦਕਿ ਦੂਜੇ ਪਾਸੇ ਭਾਜਪਾ ਆਗੂ ਨੇ ਕਿਹਾ ਕਿ ਕੇਜਰੀਵਾਲ ਝੂਠ ਬੋਲਣ ਦੇ ਮਾਹਿਰ ਹਨ ਅਤੇ ਉਹ ਧੋਖਾ ਦੇਣ ਵਿੱਚ ਮਾਹਿਰ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਪਰ ਜਨਤਾ ਨੇ ਉਨ੍ਹਾਂ ਨੂੰ ਨਕਾਰ ਦਿੱਤਾ।
ਕੇਜਰੀਵਾਲ ਦੀਆਂ ਪਿਛਲੀਆਂ ਗਰੰਟੀਆਂ ‘ਤੇ ਬੈਂਸ ਦੇ ਸਵਾਲ
ਦੂਜੇ ਪਾਸੇ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸ ਮਾਮਲੇ ਬਾਰੇ ਕਿਹਾ ਕਿ ਕੇਜਰੀਵਾਲ ਸਾਹਿਬ ਜਿੰਨੀ ਮਰਜ਼ੀ ਗਰੰਟੀ ਕਰਨ। ਬੈਂਸ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਗਰੰਟੀਆਂ ਦਿੱਤੀਆਂ ਸਨ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।
ਆਮ ਲੋਕਾਂ ਦੀ ਕੀ ਹੈ ਰਾਇ ?
ਕੇਜਰੀਵਾਲ ਦੇ ਇਸ ਐਲਾਨ 'ਤੇ ਆਮ ਲੋਕਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਲੋਕਾਂ ਦਾ ਕਹਿਣੈ ਹੈ ਕਿ ਚੋਣਾਂ ਦੌਰਾਨ ਆਗੂ ਅਜਿਹੇ ਵੱਡੇ -ਵੱਡੇ ਦਾਅਵੇ ਅਤੇ ਵਾਅਦੇ ਕਰਦੇ ਰਹੇ ਹਨ, ਜੋ ਅਕਸਰ ਚੋਣਾਂ ਜਿੱਤਣ ਤੋਂ ਬਾਅਦ ਅਲੋਪ ਹੋ ਜਾਂਦੇ ਹਨ, ਉਨ੍ਹਾਂ ਕਿਹਾ ਕਿ ਉਹ ਦਿੱਲੀ ਮਾਡਲ ਦੀ ਗੱਲ ਕਰਦੇ ਹਨ ਪਰ ਦਿੱਲੀ ਵਿੱਚ ਆਕਸੀਜਨ ਦੀ ਘਾਟ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਸਨ।
ਸਿਹਤ ਸਹੂਲਤਾਂ ‘ਤੇ ਕੇਜਰੀਵਾਲ ਦਾ ਬਿਆਨ
ਅਰਵਿੰਦ ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ਮੀਡੀਆ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ, ਫਿਰ ਹੁਣ ਉਹ ਅਜਿਹੇ ਵਾਅਦੇ ਜਾਂ ਗਰੰਟੀ ਕਿਵੇਂ ਕਰ ਸਕਦੇ ਹਨ। ਕੇਜਰੀਵਾਲ ਨੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਪਹਿਲਾਂ ਅਕਾਲੀ ਦਲ ਅਤੇ ਫਿਰ ਹੁਣ ਕਾਂਗਰਸ ਭ੍ਰਿਸ਼ਟਾਚਾਰ ਵਿੱਚ ਉਲਝੀ ਹੋਈ ਹੈ, ਜੇਕਰ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖ਼ਤਮ ਕਰ ਦਿੱਤਾ ਜਾਂਦਾ ਹੈ, ਤਾਂ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਜ਼ਿਆਦਾ ਖਰਚ ਨਹੀਂ ਆਉਂਦਾ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਚੋਣਾਂ ਜਿੱਤਣ ਲਈ 1 ਤੋਂ ਬਾਅਦ 1 ਗਰੰਟੀ ਦੇ ਰਹੇ ਹਨ। ਉਨ੍ਹਾਂ ਵੱਲੋਂ ਪਹਿਲਾਂ 300 ਯੂਨਿਟ ਬਿਜਲੀ ਹਰ ਮਹੀਨੇ ਮੁਫਤ ਦੇਣ ਦੀ ਗਰੰਟੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਕਿਹਾ ਕਿ ਉਹ ਹਰ ਮਹੀਨੇ 400 ਯੂਨਿਟ ਮੁਫਤ ਦੇਵੇਗਾ। ਫਿਰ ਕਾਂਗਰਸ ਨੇ 200 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਵੀ ਦਾਅਵਾ ਕੀਤਾ। ਹੁਣ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਗਰੰਟੀ ਤੋਂ ਬਾਅਦ, ਰਾਜਨੀਤਿਕ ਪਾਰਟੀਆਂ ਦੁਚਿੱਤੀ ਵਿੱਚ ਆ ਗਈਆਂ ਹਨ ਅਤੇ ਕੇਜਰੀਵਾਲ ਨੂੰ ਸਵਾਲ ਕਰ ਰਹੀਆਂ ਹਨ ਕਿ ਇਹ ਗਰੰਟੀ ਕਿ ਉਹ ਕਿਸ ਅਧਾਰ ‘ਤੇ ਦੇ ਰਹੇ ਹਨ, ਅਤੇ ਇਹ ਗਰੰਟੀ ਆਖਿਰ ਕਿਵੇਂ ਪੂਰੀ ਹੋਵੇਗੀ ?
ਇਹ ਵੀ ਪੜ੍ਹੋ:ਕਾਂਗਰਸ ਦੇ ਝੰਜਟ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ: ਨਟਵਰ ਸਿੰਘ