ਖੰਨਾ/ਲੁਧਿਆਣਾ: ਖੰਨਾ 'ਚ ਨੈਸ਼ਨਲ ਹਾਈਵੇ 'ਤੇ ਫਿਲਮੀ ਸਟਾਈਲ 'ਚ ਗਊ ਵੰਸ਼ ਨਾਲ ਭਰਿਆ ਟਰੱਕ ਫੜਿਆ ਗਿਆ। ਗਊ ਰਕਸ਼ਕ ਦਲ, ਪੰਜਾਬ ਦੀ ਟੀਮ ਨੇ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਨੂੰ ਫੜ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਗਊ ਭਗਤਾਂ ਦੀ ਕਾਰ ਨੂੰ ਟਰੱਕ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਟਰੱਕ ਨੂੰ ਘੇਰ ਲਿਆ ਗਿਆ, ਤਾਂ ਲੋਹੇ ਦੀ ਰਾਡ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਅਤੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਇੰਝ ਕੀਤੇ ਕਾਬੂ: ਗਊ ਰਕਸ਼ਕ ਦਲ ਪੰਜਾਬ ਦੇ ਮੀਤ ਪ੍ਰਧਾਨ ਹਨੀ ਸ਼ਾਸਤਰੀ ਅਤੇ ਸਕੱਤਰ ਵਿਕਾਸ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਲੇਰਕੋਟਲਾ ਤੋਂ ਗਊਆਂ ਦਾ ਭਰਿਆ ਇੱਕ ਟਰੱਕ ਮੇਵਾਤ ਦੇ ਇੱਕ ਬੁੱਚੜਖਾਨੇ ਵਿੱਚ ਕੱਟਣ ਲਈ ਲਿਜਾਇਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਉਨ੍ਹਾਂ ਨੇ ਟਰੱਕ ਦਾ ਪਿੱਛਾ ਕੀਤਾ। ਇਸ ਦੌਰਾਨ ਜਦੋਂ ਟਰੱਕ ਚਾਲਕ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਹ ਟਰੱਕ ਭਜਾ ਕੇ ਲੈ ਗਿਆ। ਜਦੋਂ ਓਹਨਾਂ ਨੇ ਦੋ ਵਾਰ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਡਰਾਈਵਰ ਨੇ ਉਨ੍ਹਾਂ ਨੂੰ ਟਰੱਕ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਗਾਵਾਂ ਨਾਲ ਭਰੇ ਟਰੱਕ ਨੂੰ ਰੋਕ ਲਿਆ ਗਿਆ। ਉਸ ਸਮੇਂ ਵੀ ਲੋਹੇ ਦੀ ਰਾਡ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਸਾਥੀ ਕਲੀਨਰ ਨੂੰ ਫੜ੍ਹ ਲਿਆ ਗਿਆ। ਟਰੱਕ ਵਿੱਚ ਗਾਵਾਂ, ਬਲਦ ਅਤੇ ਵੱਛੇ ਸਨ, ਉਨ੍ਹਾਂ ਦੀ ਗਿਣਤੀ 15 ਸੀ। ਪੁਲਿਸ ਨੇ ਨਗਰ ਕੌਂਸਲ ਦੇ ਸਹਿਯੋਗ ਨਾਲ ਗਊ ਵੰਸ਼ ਨੂੰ ਗਊਸ਼ਾਲਾ ਭੇਜਿਆ।
ਪੂਰੇ ਮਾਮਲੇ ਦੀ ਜਾਂਚ ਜਾਰੀ: ਏਐਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਿਟੀ ਥਾਣਾ 2 ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਗਊ ਤਸਕਰੀ ਦਾ ਕੇਸ ਦਰਜ ਕੀਤਾ ਗਿਆ। ਫੜ੍ਹਿਆ ਗਿਆ ਮੁਲਜ਼ਮ ਚਰਨਜੀਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਡਰਾਈਵਰ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਏਐਸਆਈ ਨੇ ਦੱਸਿਆ ਕਿ ਗਊ ਰੱਖਿਅਕ ਟੀਮ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ। ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਕੀਤਾ ਜਾਵੇਗਾ ਕਿ ਮਾਲੇਰਕੋਟਲਾ ਵਿਖੇ ਕਿਸਨੇ ਟਰੱਕ ਭਰਾਇਆ ਅਤੇ ਹੋਰ ਕੌਣ ਇਸ ਗਿਰੋਹ ਵਿੱਚ ਸ਼ਾਮਲ ਹੈ।