ਖੰਨਾ: 7 ਰੋਜ਼ਾ NSS ਕੈਂਪ ਵਿੱਚ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਗਤੀਵਿਧੀਆਂ ਦੇ ਦੌਰ 'ਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅੱਜ ਦੇ ਦਿਨ ਦਾ ਆਰੰਭ ਸਿਹਤ ਅਤੇ ਤੰਦਰੁਸਤੀ ਦੇ ਪੱਖ ਨੂੰ ਧਿਆਨ ਵਿਚ ਰੱਖਦੇ ਹੋਏ ਯੋਗ ਆਸਨ ਨਾਲ ਕੀਤਾ ਗਿਆ ਜਿਸ ਵਿੱਚ ਪ੍ਰੋ. ਰੁਪਿੰਦਰ ਕੌਰ, ਸਰੀਰਕ ਸਿੱਖਿਆ ਵਿਭਾਗ ਵੱਲੋਂ ਯੋਗ ਦੀ ਮਹੱਤਤਾ ਨੂੰ ਦੱਸਦੇ ਹੋਏ ਵੱਖ-ਵੱਖ ਯੋਗ ਆਸਨ ਕਰਵਾਏ ਗਏ।
ਯੋਗ ਟਰੇਨਰ ਨੇ ਅੱਜ ਦੇ ਦੌਰ ਦੀ ਸੱਭ ਤੋਂ ਵੱਡੀ ਸਮੱਸਿਆ ਡਿਪ੍ਰੈਸ਼ਨ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਇਸ ਸਮੱਸਿਆ ਨੂੰ ਦੂਰ ਕਰਨ ਅਤੇ ਇਸ ਦੇ ਹੱਲ ਲਈ ਬੱਚਿਆ ਨੂੰ ਉਹ ਯੋਗ ਆਸਨ ਕਰਵਾਏ ਜੋ ਉਨ੍ਹਾਂ ਦੀ ਸੋਚ ਨੂੰ ਹਰ ਵੇਲੇ ਸਕਾਰਾਤਮਕ ਬਣਾਈ ਰੱਖਣ ਵਿੱਚ ਸਹਾਈ ਹੋਣ, ਮਨ ਵਿੱਚ ਵੈਰ-ਵਿਰੋਧ ਨੂੰ ਦੂਰ ਕਰਨ ਅਤੇ ਚੰਗੇ ਇਨਸਾਨ ਬਣਨ ਲਈ ਅਤੇ ਚੰਗੇ ਉਦੇਸ਼ ਪ੍ਰਾਪਤ ਕਰਨ ਲਈ ਆਪਣੇ ਭੱਵਿਖ ਨੂੰ ਸੰਵਾਰਨ ਦੇ ਨਾਲ-ਨਾਲ ਸਮਾਜ ਪ੍ਰਤੀ ਉਦਮੀ ਬਣਨ ਵਿਚ ਸਹਾਇਕ ਹੋਣ।
ਇਸ ਦੇ ਨਾਲ ਹੀ NSS ਯੂਨਿਟ ਦੇ ਇੰਚਾਰਜ ਡਾ. ਲਵਲੀਨ ਬੈਂਸ ਨੇ ਯੋਗ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਕਿਵੇਂ ਯੋਗ ਆਸਣ ‘ਦੁੱਖਾਂ ਦਾ ਨਾਸ਼ ਅਤੇ ਸੁੱਖਾਂ ਦੀ ਪ੍ਰਾਪਤੀ’ ਦਾ ਸਾਧਨ ਹੈ। ਅੱਜ ਰੋਜ਼ ਦੇ ਰੁਝੇਵਿਆਂ ਜਿਸ ਵਿਚ ਜਿਵੇਂ ਆਮ ਇਨਸਾਨ ਕੋਲ ਸਿਹਤ ਪ੍ਰਤੀ ਧਿਆਨ ਦੇਣ ਲਈ ਸਮਾਂ ਹੀ ਨਹੀ, ਓਵੇ ਹੀ ਵਿਦਿਆਰਥੀ ਜੀਵਨ ਵੀ ਅੱਜ ਸਿਲੇਬਸ ਤੇ ਪੜ੍ਹਾਈ ਦੇ ਬੋਝ ਥੱਲੇ ਦੱਬਿਆ ਘੁਟਿਆ ਮਹਿਸੂਸ ਕਰਦਾ ਹੈ। ਉਥੇ ਹੀ ਉਨ੍ਹਾਂ ਨੂੰ ਮਾਨਸਿਕ ਤਣਾਅ, ਅਕੇਵੇ ਅਤੇ ਥਕੇਵੇਂ ਤੋਂ ਰਾਹਤ ਦਵਾ ਕੇ ਉਨ੍ਹਾਂ ਵਿਚ ਸਰੀਰਕ ਅਤੇ ਮਾਨਸਿਕ ਚੁਸਤੀ ਅਤੇ ਫੁਰਤੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤੀ ਉਹ ਦੋਲਤ ਹੈ ਜੋ ਪੈਸੇ ਖ਼ਰਚ ਕਰਕੇ ਪ੍ਰਾਪਤ ਕਰਨੀ ਵੀ ਔਖੀ ਹੈ ਤੇ ਯੋਗ ਆਸਣ ਇਸ ਦੌਲਤ ਦਾ ਆਧਾਰ ਹੈ।
ਇਸ ਤੋਂ ਮਗਰੋਂ ਕਾਲਜ ਵਿੱਚ ਹੀ ‘ਨਾਨ-ਫਲੇਮ ਕੁਕਿੰਗ’ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵਿਅੰਜਨ ਤਿਆਰ ਕਰਕੇ ਪੇਸ਼ ਕੀਤੇ। ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਇਨਾਮ ਵੀ ਦਿੱਤੇ ਗਏ।
ਇਹ ਵੀ ਪੜ੍ਹੋ: ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਚੁਣੇ ਗਏ ਜਨਰਲ ਬਿਪਿਨ ਰਾਵਤ