ਲੁਧਿਆਣਾ: ਸਮੇਂ ਦੀਆਂ ਸਰਕਾਰਾਂ ਵੱਲੋਂ ਅਕਸਰ ਹੀ ਸੱਤਾਂ ਵਿੱਚ ਆਉਣ ਤੋਂ ਪਹਿਲਾਂ ਸਿਹਤ ਸੁਵਿਧਾਵਾਂ ਅਤੇ ਸਿੱਖਿਆ ਨੂੰ ਪਹਿਲ ਦੇਣ ਦੀ ਗੱਲ ਕੀਤੀ ਜਾਂਦੀ ਹੈ, ਕਿਉਂਕਿ ਇਨ੍ਹਾਂ ਦੋਵਾਂ ਨੂੰ ਅਜੋਕੇ ਸਮੇਂ ਦੀ ਮੁੱਢਲੀ ਜ਼ਰੂਰਤ ਸਮਝਿਆ ਜਾਂਦਾ ਹੈ। ਪਰ, ਲੁਧਿਆਣਾ ਦੇ ਸਲੇਮ ਟਾਬਰੀ ਦੇ ਨਾਨਕ ਨਗਰ ਦਾ ਸਰਕਾਰੀ ਸਕੂਲ ਖਸਤਾ ਹਾਲਤ ਦੇ ਵਿੱਚ ਹੈ। ਸਾਲ 2014 ਤੋਂ ਬਾਅਦ ਇਸ ਸਕੂਲ ਵਿੱਚ ਕੋਈ ਪ੍ਰਿੰਸੀਪਲ ਨਹੀਂ ਆਇਆ, ਸਕੂਲ ਦੇ ਵਿੱਚ ਦੋ ਅਧਿਆਪਕਾਂ ਦੀ ਵੀ ਕਮੀ ਹੈ। ਸਕੂਲ ਵਿੱਚ ਨਾ ਹੀ ਚਪੜਾਸੀ ਹੈ ਅਤੇ ਨਾ ਹੀ ਸਫਾਈ ਸੇਵਕ। ਸਕੂਲ ਦੇ ਵਿੱਚ ਗੋਡੇ ਗੋਡੇ ਘਾਹ ਉਗਿਆ ਹੋਇਆ ਹੈ। ਬੱਚੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਖੇਡ ਰਹੇ ਹਨ। ਸਰਕਾਰੀ ਅਧਿਕਾਰੀ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦੇਣ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜ ਰਹੇ ਹਨ।
ਨਹੀਂ ਹੈ ਪ੍ਰਿੰਸੀਪਲ: ਸਕੂਲ ਦੇ ਇੰਚਾਰਜ ਦੱਸਿਆ ਕਿ ਸਾਲ 2014 ਵਿੱਚ ਇੱਕ ਮੈਡਮ ਛੇ ਮਹੀਨੇ ਲਈ ਪ੍ਰਿੰਸੀਪਲ ਬਣ ਕੇ ਆਈ ਸੀ ਜਿਸ ਤੋਂ ਬਾਅਦ ਕੋਈ ਸਕੂਲ ਦਾ ਪ੍ਰਿੰਸੀਪਲ ਨਹੀਂ ਹੈ। 9 ਸਾਲ ਹੋ ਚੁੱਕੇ ਹਨ, ਹਾਈ ਸਕੂਲ ਦਾ ਇੰਚਾਰਜ ਹੀ ਸਾਰੀ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ। ਇੰਨਾਂ ਹੀ ਨਹੀਂ, ਸਕੂਲ ਦੀ ਸੁਰੱਖਿਆ ਵੀ ਰੱਬ ਆਸਰੇ ਹੀ ਹੈ। ਸਕੂਲ ਵਿੱਚ ਕੋਈ ਵੀ ਚੌਂਕੀਦਾਰ ਵੀ ਨਹੀਂ ਹੈ। ਦਰਜਾ ਚਾਰ ਦਾ ਕੋਈ ਵੀ ਮੁਲਾਜ਼ਮ ਸਕੂਲ ਵਿੱਚ ਨਹੀਂ ਹੈ ਜਿਸ ਕਰਕੇ ਸਕੂਲ ਦੇ ਬਾਕੀ ਸਟਾਫ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਦੇ ਇੰਚਾਰਜ ਨੇ ਇਹ ਕਿਹਾ ਹੈ ਕਿ ਉਹ ਆਪ ਹੀ ਸਫਾਈ ਸੇਵਕ ਹਨ ਅਤੇ ਆਪ ਹੀ ਚੌਂਕੀਦਾਰ ਹਨ।
ਪੰਜਾਬੀ ਪੜ੍ਹਾਉਣ ਵਾਲਾ ਅਧਿਆਪਿਕ ਵੀ ਨਹੀਂ: ਅੱਠਵੀਂ ਜਮਾਤ ਤੱਕ ਇਹ ਸਕੂਲ ਹੈ ਅਤੇ ਸਕੂਲ ਵਿੱਚ ਪੰਜਾਬੀ ਅਤੇ ਸਾਮਾਜਿਕ ਸਿੱਖਿਆ ਵਿਸ਼ੇ ਦਾ ਅਧਿਆਪਕ ਹੀ ਨਹੀਂ ਹੈ। ਬਾਕੀ ਦੇ ਅਧਿਆਪਕ ਹੀ ਵਿਦਿਆਰਥੀਆਂ ਨੂੰ ਇਹ ਦੋਵੇਂ ਵਿਸ਼ੇ ਪੜ੍ਹਾਉਂਦੇ ਹਨ। ਸਕੂਲ ਦੇ ਇੰਚਾਰਜ ਨੇ ਕਿਹਾ ਕਿ ਇਸ ਸਬੰਧੀ ਅਸੀਂ ਸਿੱਖਿਆ ਵਿਭਾਗ ਨੂੰ ਲਿਖ ਚੁੱਕੇ ਹਨ। ਕਈ ਵਾਰ ਲੈਟਰ ਵੀ ਲਿਖਿਆ ਜਾ ਚੁੱਕਾ ਹੈ। ਇਸ ਸਬੰਧੀ ਜਿਲਾ ਸਿੱਖਿਆ ਅਧਿਕਾਰੀ ਵੀ ਸੂਚਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਖੁਦ ਹੀ ਇਹ ਸਭ ਮੈਨੇਜ ਕਰ ਰਹੇ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਘਨ ਨਾ ਪੈ ਸਕੇ। ਸਕੂਲ ਵਿੱਚ ਉੱਘੇ ਘਾਹ ਨੂੰ ਲੈ ਕੇ ਉਨ੍ਹਾਂ ਸਫਾਈ ਦਿੰਦਿਆਂ ਕਿਹਾ ਹੈ ਕਿ ਪਿਛਲੇ ਦਿਨੀਂ ਹੜ ਆਉਣ ਕਰਕੇ ਸਕੂਲ ਦੀ ਸਫਾਈ ਨਹੀਂ ਹੋ ਸਕੀ ਹੈ ਅਤੇ ਹੁਣ ਉਹ ਕਰਵਾ ਰਹੇ ਹਨ।
ਸਿੱਖਿਆ ਅਧਿਕਾਰੀ ਦੀ ਸਫਾਈ: ਇਸ ਸੰਬੰਧੀ ਜਦੋਂ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਕੂਲ ਦੀ ਸਫਾਈ ਦਾ ਮਸਲਾ ਹੈ ਉਹ ਕਰਵਾਇਆ ਜਾ ਰਿਹਾ ਹੈ। ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ। ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਕੂਲ ਦਾ ਇੰਚਾਰਜ ਹੀ ਸਾਰੇ ਸਕੂਲ ਦਾ ਪ੍ਰਬੰਧ ਵੇਖ ਰਿਹਾ ਹੈ, ਪਰ ਆਰਜੀ ਤੌਰ 'ਤੇ ਅਸੀਂ ਲਾਡੋਵਾਲ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਇਸ ਸਰਕਾਰੀ ਸਕੂਲ ਦਾ ਚਾਰਜ ਵੀ ਸੌਂਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਸਫਾਈ ਦਾ ਕੰਮ ਜਲਦ ਕਰਵਾ ਦਿੱਤਾ ਜਾਵੇਗਾ।