ਲੁਧਿਆਣਾ: ਸਾਡੇ ਦੇਸ਼ ਵਿੱਚ ਭਾਵੇਂ ਔਰਤ ਨੂੰ ਮਰਦਾਂ ਦੇ ਬਰਾਬਰ ਸਮਝਿਆ ਜਾਂਦਾ ਹੈ ਪਰ ਅੱਜ ਵੀ ਸਮਾਜ ਦਾ ਇੱਕ ਹਿੱਸਾ ਅਜਿਹਾ ਹੈ ਜੋ ਮੁੰਡੇ ਅਤੇ ਕੁੜੀਆਂ ਵਿਚਕਾਰ ਫ਼ਰਕ ਸਮਝਦਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਭਾਮੀਆਂ ਰੋਡ 'ਤੇ ਸਥਿਤ ਪ੍ਰੀਤ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਖਾਲ੍ਹੀ ਪਲਾਟ 'ਚੋਂ ਨਵ ਜੰਮੀ ਬੱਚੀ ਬਰਾਮਦ ਹੋਈ ਹੈ।
ਸਵੇਰੇ ਤੜਕਸਾਰ ਬੱਚੇ ਦੀ ਰੋਣ ਦੀ ਆਵਾਜ਼ ਸੁਣਨ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਨੂੰ ਲੁਧਿਆਣਾ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਬੱਚੀ ਦੀ ਹਾਲਤ ਫ਼ਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਥਾਣਾ ਜਮਾਲਪੁਰ ਦੇ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਇਲਾਜ ਦੇ ਲਈ ਜੱਚਾ-ਬੱਚਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਤ ਨਗਰ ਇਲਾਕੇ ਦੀ ਗਲੀ ਨੰਬਰ-1 ਦੇ ਵਿੱਚ ਬੱਚੀ ਦੀ ਰੋਣ ਦੀ ਆਵਾਜ਼ ਆਉਣ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਸੱਦਿਆ ਗਿਆ।
ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਬੱਚੀ ਨੂੰ ਅਖ਼ਬਾਰ ਵਿੱਚ ਲਪੇਟ ਕੇ ਝਾੜੀਆਂ ਵਿੱਚ ਸੁੱਟਿਆ ਹੋਇਆ ਸੀ। ਰਾਤ ਨੂੰ ਕੋਈ ਇਸ ਨੂੰ ਸੁੱਟ ਗਿਆ ਗਿਆ ਸੀ। ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਕੇ ਪੜਤਾਲ ਕਰ ਰਹੀ ਹੈ।