ਲੁਧਿਆਣਾ: ਰਾਏਕੋਟ ਅਧੀਨ ਪੈਂਦੇ ਪਿੰਡ ਤੁਗਲ ਵਿੱਖੇ ਗੁਆਂਢੀਆਂ ਵੱਲੋਂ ਕੀਤੀ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤੁਗਲ ਦੀ ਮਾਤਾ ਪਰਮਜੀਤ ਕੌਰ ਅਤੇ ਪਰਵਾਰਿਕ ਮੈਂਬਰ ਨੇ ਦੱਸਿਆ ਕਿ 18 ਅਪ੍ਰੈਲ ਦੀ ਸ਼ਾਮ ਨੂੰ ਉਨ੍ਹਾਂ ਦੇ ਗੁਆਂਢ ਰਹਿੰਦੇ ਹਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦੇ ਪਰਵਾਰਿਕ ਮੈਂਬਰਾਂ ਨੇ ਉਸ ਦੇ ਪੁੱਤਰ ਦੀ ਉਸ ਦੇ ਘਰ ਅੱਗੇ ਆ ਕੇ ਕੁੱਟਮਾਰ ਕੀਤੀ। ਉਸ ਦੇ ਸਿਰ ਉੱਤੇ ਇੱਟਾਂ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।
ਜਿਸ ਨੂੰ ਅਸੀਂ ਉਨ੍ਹਾਂ ਦੇ ਚੁੰਗਲ 'ਚੋਂ ਛੁਡਾਇਆ ਅਤੇ ਸਰਕਾਰੀ ਹਸਪਤਾਲ ਸੁਧਾਰ ਵਿੱਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦਾ ਸਹੀ ਇਲਾਜ ਨਾ ਕਰਦਿਆਂ ਉਸ ਨੂੰ ਜਖ਼ਮੀ ਹਾਲਾਤ ਵਿੱਚ 3-4 ਦਿਨ ਕਦੇ ਪਟਿਆਲਾ, ਕਦੇ ਪੀਜੀਆਈ ਭੇਜਦੇ ਰਹੇ, ਜਿਥੇ ਡਾਕਟਰ ਉਸ ਨੂੰ ਦਾਖਲ ਕਰਨ ਦੀ ਬਜਾਏ ਵਾਪਸ ਮੋੜ ਦਿੰਦੇ। ਜਿਸ ਕਾਰਨ ਉਸ ਦੇ ਪੁੱਤਰ ਦੀ ਐਬਲੈੰਸ ਵਿੱਚ ਪੀਜੀਆਈ ਜਾਂਦਿਆਂ ਰਾਸਤੇ 'ਚ ਖਮਾਣੋਂ ਲਾਗੇ ਮੌਤ ਹੋ ਗਈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਜਿਥੇ ਉਕਤ ਹਮਲਾਵਰਾਂ ਨੂੰ ਉੱਪਰ ਕਤਲ ਕਰਨ ਦਾ ਦੋਸ਼ ਲਗਾਇਆ ਉਥੇ ਹੀ ਸਰਕਾਰੀ ਹਸਪਤਾਲ ਸੁਧਾਰ ਦੇ ਡਾਕਟਰਾਂ ਭਰਵੀਂ ਇਲਾਜ ਚ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸੁਧਾਰ ਦੇ ਐਸਐਚਓ ਜਸਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਮ੍ਰਿਤਕ ਦੇ ਚਾਚਾ ਰਣਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਤੁਗਲ ਦੇ ਬਿਆਨਾਂ ਦੇ ਅਧਾਰ 'ਤੇ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਚ ਲੈ ਲਿਆ, ਜਦੋਂ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।