ਲੁਧਿਆਣਾ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀਆਂ ਆਉਂਦੇ ਦਿਨਾਂ ’ਚ ਮੁਸ਼ਕਲਾਂ ਵਧ ਸਕਦੀਆਂ ਹਨ। ਦਰਅਸਲ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵੱਲੋਂ ਲਗਾਤਾਰ ਲਗਾਏ ਜਾ ਰਹੇ ਇਲਜ਼ਾਮ ਅਤੇ ਆਪਣੇ ਹੱਕਾਂ ਲਈ ਚੁੱਕੀ ਜਾ ਰਹੀ ਆਵਾਜ਼ ਨੂੰ ਕੌਮੀ ਮਹਿਲਾ ਕਮਿਸ਼ਨ ਨੇ ਗੰਭੀਰਤਾ ਨਾਲ ਲੈਂਦਿਆਂ ਇਸ ਦਾ ਸਖ਼ਤ ਨੋਟਿਸ ਲਿਆ ਹੈ। ਸਿੱਧੂ ਖਿਲਾਫ਼ ਲਗਾਏ ਗਏ ਸਾਰੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਡੀਸੀਪੀ ਪੱਧਰ ਦੇ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ। ਲੁਧਿਆਣਾ ਦੇ ਡੀਸੀਪੀ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ ਹਾਲਾਂਕਿ ਫਿਲਹਾਲ ਡੀਸੀਪੀ ਆਪਣੇ ਪਰਿਵਾਰਕ ਪ੍ਰੋਗਰਾਮ ਕਰਕੇ ਛੁੱਟੀ ’ਤੇ ਦੱਸੇ ਜਾ ਰਹੇ ਹੈ।
ਭੈਣ ਸੁਮਨ ਤੂਰ ਨੇ ਸਿੱਧੂ ’ਤੇ ਕੀ ਲਾਏ ਸਨ ਇਲਜ਼ਾਮ ?
ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੀ ਆਪਣੇ ਆਪ ਨੂੰ ਭੈਣ ਦੱਸਣ ਵਾਲੀ ਸੁਮਨ ਤੂਰ ਨੇ ਪਹਿਲਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਅਤੇ ਫਿਰ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਗਾਏ ਸਨ ਕਿ ਨਵਜੋਤ ਸਿੱਧੂ ਨੇ ਉਨ੍ਹਾਂ ਦਾ ਹੱਕ ਮਾਰਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਆਪਣੀ ਮਾਂ ਨੂੰ ਨਹੀਂ ਪੁੱਛਿਆ ਉਹ ਮਰਦੇ ਦਮ ਤਕ ਦਰ ਦਰ ਦੀਆਂ ਠੋਕਰਾਂ ਖਾਂਦੀ ਰਹੀ ਇੱਥੋਂ ਤੱਕ ਕੇ ਜਾਇਦਾਦ ਵਿੱਚ ਬਣਨ ਵਾਲਾ ਉਸ ਦਾ ਹਿੱਸਾ ਵੀ ਨਹੀਂ ਦਿੱਤਾ।
ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੱਧੂ ਦੀ ਪਤਨੀ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਸੁਮਨ ਤੂਰ ਨੇ ਨਵਜੋਤ ਸਿੰਘ ਸਿੱਧੂ ’ਤੇ ਕਥਿਤ ਕਈ ਇਲਜ਼ਾਮ ਲਗਾਏ ਸਨ ਹਾਲਾਂਕਿ ਇਸ ਦਾ ਅਸਰ ਵਿਧਾਨ ਸਭਾ ਚੋਣਾਂ ’ਚ ਹੋਇਆ ਜਾਂ ਨਹੀਂ ਇਹ ਤਾਂ ਦੱਸ ਮਾਰਚ ਦੇ ਨਤੀਜੇ ਹੀ ਤੈਅ ਕਰ ਸਕਦੇ ਹਨ।
ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਸੁਮਨ ਤੂਰ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਕੌਮੀ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਪੂਰੇ ਮਾਮਲੇ ਦੀ ਜਾਂਚ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੂਰੀ ਜਾਂਚ ਕਰਨ ਤੋਂ ਬਾਅਦ ਰਿਪੋਰਟ 15 ਦਿਨਾਂ ਅੰਦਰ ਸੌਂਪਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਤੋਂ ਬਾਅਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਡੀਸੀਪੀ ਦੀ ਜਾਂਚ ਲਈ ਲਗਾਈ ਹੈ। ਜਿੰਨ੍ਹਾਂ ਵੱਲੋਂ ਇਹ ਪੂਰੇ ਮਾਮਲੇ ਦੀ ਜਾਂਚ ਕਰ ਕੇ ਆਪਣੀ ਰਿਪੋਰਟ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸੌਂਪਣਗੇ।
ਇਹ ਵੀ ਪੜ੍ਹੋ:ਸਿੱਧੂ ਦੀ NRI ਭੈਣ ਨੇ ਕੌਮੀ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ
ਲੁਧਿਆਣਾ ’ਚ ਕਿਉਂ ਹੋਈ ਇਨਕੁਆਰੀ ਮਾਰਕ ?
ਦਰਅਸਲ ਨਵਜੋਤ ਸਿੰਘ ਸਿੱਧੂ ਦੀ ਭੈਣ ਵਿਦੇਸ਼ ’ਚ ਰਹਿੰਦੀ ਹੈ ਅਤੇ ਉਹ ਬੀਤੇ ਦਿਨੀਂ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਆਈ ਹੈ। ਪਹਿਲਾਂ ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਉਨ੍ਹਾਂ ਜੋ ਸ਼ਿਕਾਇਤ ਦਿੱਤੀ ਹੈ ਉਸ ਵਿੱਚ ਲੁਧਿਆਣਾ ਪੱਖੋਵਾਲ ਰੋਡ ਦੇ ਵਿਸ਼ਾਲ ਨਗਰ ਦਾ ਆਪਣਾ ਪਤਾ ਦਿੱਤਾ ਹੈ ਜਿਸ ਕਰਕੇ ਲੁਧਿਆਣਾ ਦੇ ਡੀਸੀਪੀ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਸੌਂਪੀ ਗਈ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਭੈਣ ਨੇ ਭਰਾ ਸਿੱਧੂ 'ਤੇ ਲਾਏ ਵੱਡੇ ਇਲਜ਼ਾਮ, ਕਿਹਾ- ਜਾਇਦਾਦ ਲਈ ਸਾਨੂੰ ਘਰੋਂ ਕੱਢਿਆ