ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਆਪਣੇ ਅਧਿਕਾਰਕ ਫੇਸਬੁੱਕ ਖ਼ਾਤੇ ਉੱਤੇ ਪੋਸਟ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸੋਸ਼ਲ ਮੀਡੀਆ ਅਕਾਊਂਟ 'ਤੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, "ਮੈਂ ਤੁਹਾਨੂੰ ਸਾਰਿਆਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ ਮੈਂ ਖੁਦ ਨੂੰ ਇਕਾਂਤਵਾਸ ਕੀਤਾ ਹੈ। ਤੁਹਾਡੀ ਸੇਵਾ 'ਚ ਜਲਦ ਹਾਜ਼ਰ ਹੋਵਾਂਗਾ।"
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਬਹੁਤ ਸਾਰੇ ਸਿਆਸੀ ਆਗੂ ਇਸ ਦੀ ਲਪੇਟ ਵਿੱਚ ਆਏ ਹੋਏ ਹਨ। ਬੀਤੇ ਦਿਨ ਹੀ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 31,206 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 10,963 ਮਾਮਲੇ ਐਕਟਿਵ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 812 ਲੋਕਾਂ ਦੀ ਜਾਨ ਲੈ ਲਈ ਹੈ।