ਲੁਧਿਆਣਾ: ਸ਼ਹਿਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਬੀਤੇ ਦਿਨੀ ਖੇਡਾਂ ਵਤਨ ਪੰਜਾਬ ਦੀਆਂ ਦਾ ਸਮਾਪਤੀ ਸਮਾਗਮ ਕਰਵਾਇਆ ਗਿਆ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਸਵਾਲ ਖੜੇ ਕੀਤੇ ਹਨ। ਐਮਪੀ ਰਵਨੀਤ ਬਿੱਟੂ ਵੱਲੋਂ ਸ਼ੁਕਰਵਾਰ ਨੂੰ ਗੁਰੂ ਨਾਨਕ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਟੇਡੀਅਮ ਵਿਚ ਖਿਡਾਰੀਆਂ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ ਸਬੰਧੀ ਮੁੱਦਾ ਚੁੱਕਿਆ ਤੇ ਨਾਲ ਹੀ ਕਿਹਾ ਕਿ ਸਟੇਡੀਅਮ ਵਿਚ ਖਿਡਾਰੀਆਂ ਦੇ ਭੱਜਣ ਲਈ ਟਰੈਕ ਤੱਕ ਨਹੀਂ ਹੈ।
'ਥਾਂ-ਥਾਂ ਤੋਂ ਖਰਾਬ ਹੋਏ ਟਰੈਕ': ਸਾਡੀ ਸਰਕਾਰ ਵੇਲ੍ਹੇ 7 ਕਰੋੜ ਦਾ ਪ੍ਰਾਜੈਕਟ ਇਸ ਸਬੰਧੀ ਪਾਸ ਕੀਤਾ ਗਿਆ ਸੀ, ਪਰ ਹਾਲੇ ਤੱਕ ਕੰਮ ਨਹੀਂ ਕੀਤਾ ਗਿਆ। ਰਵਨੀਤ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਇੱਥੇ ਵਿਸ਼ਾਲ ਪ੍ਰੋਗਰਾਮ ਤਾਂ ਕਰਵਾ ਦਿੱਤਾ ਗਿਆ, ਪਰ ਖਿਡਾਰੀਆਂ ਦੇ ਦਰਪੇਸ਼ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਗਿਆ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਥਾਂ-ਥਾਂ ਤੋਂ ਖਰਾਬ ਹੋਏ ਟਰੈਕ ਸਬੰਧੀ ਮੁੱਦਾ ਚੁੱਕਿਆ ਅਤੇ ਕਿਹਾ ਕਿ ਕੱਲ ਕਰੋੜਾਂ ਰੁਪਿਆ ਸਰਕਾਰ ਵੱਲੋਂ ਖ਼ਰਚਿਆ ਗਿਆ ਅਤੇ ਬੱਚਿਆਂ ਨੂੰ ਠੰਢ ਵਿੱਚ ਬਿਠਾ ਕੇ ਰੱਖਿਆ ਗਿਆ। ਉਨ੍ਹਾਂ ਲਈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ, ਪਰ ਆਪਣੇ ਮਨੋਰੰਜਨ ਲਈ ਲੱਖਾਂ ਰੁਪਿਆ ਨਾਮੀ ਗਾਇਕਾਂ 'ਤੇ ਜ਼ਰੂਰ ਖ਼ਰਚ ਦਿੱਤੇ ਗਏ।
ਸਟੇਡੀਅਮ ਦੇ ਪ੍ਰਬੰਧਾਂ 'ਤੇ ਚੁੱਕੇ ਸਵਾਲ: ਉਥੇ ਹੀ ਦੂਜੇ ਪਾਸੇ, ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਆਉਣ ਵਾਲੇ ਖਿਡਾਰੀ ਪ੍ਰੇਸ਼ਾਨ ਹਨ। ਅਸੀਂ ਇੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨੇ ਹਨ, ਪਰ ਉਨ੍ਹਾਂ ਦੇ ਖੇਡਣ ਲਈ ਟਰੈਕ ਹੀ ਸਹੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਸਟੇਡੀਅਮ ਵਿੱਚ ਕਾਫੀ ਦਿੱਕਤਾਂ ਹਨ। ਹਾਲਾਂਕਿ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪਿਛਲੀ ਸਰਕਾਰ ਵੇਲੇ ਵੀ ਸਟੇਡੀਅਮ ਦੇ ਹਲਾਤ ਇਹੋ ਸਨ, ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦਾ ਬਹਾਨਾ ਹੈ ਜੇਕਰ ਪਿਛਲੀ ਸਰਕਾਰ ਵੇਲੇ ਕੰਮ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੰਮ ਨਹੀਂ ਕਰਨਗੇ ਜਾਂ ਫਿਰ ਉਹ ਪੰਜ ਸਾਲ ਲਈ ਕੁਝ ਨਹੀਂ ਕਰਨਗੇ।
ਬਿੱਟੂ ਦੇ ਨਾਲ-ਨਾਲ, ਕੋਚ ਨੇ ਵੀ ਡਾਇਟ ਨੂੰ ਲੈ ਕੇ ਖੜ੍ਹੇ ਕੀਤੇ ਇਹ ਸਵਾਲ: ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੀ ਸਰਕਾਰ ਸੂਬੇ ਦੇ ਖਿਡਾਰੀਆਂ ਦੀ ਸਾਰ ਨਹੀਂ ਲੈ ਸਕਦੀ, ਉਹ ਕਾਨੂੰਨ ਵਿਵਸਥਾ ਨੂੰ ਕਿਵੇਂ ਠੀਕ ਕਰ ਸਕਦੀ ਹੈ। ਇਸ ਦੌਰਾਨ ਰਵਨੀਤ ਬਿੱਟੂ ਦੇ ਨਾਲ ਕੁਝ ਕੋਚਾਂ ਨੇ ਵੀ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਸਹੀ ਤਰ੍ਹਾਂ ਡਾਇਟ ਨਹੀਂ ਮਿਲਦੀ ਹੈ। ਉਨ੍ਹਾਂ ਨੂੰ ਦੂਰ-ਦੂਰ ਜਾ ਕੇ ਡਾਈਟ ਦਾ ਪ੍ਰਬੰਧ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਤੇ ਖੇਡ ਮੰਤਰੀ ਨੂੰ ਵੀ ਲਿਖ ਚੁੱਕੇ ਹਾਂ, ਪਰ ਹਾਲੇ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿੱਚ 5 ਵਿੰਗ ਬਣੇ ਹੋਏ ਹਨ, ਕਿਸੇ ਦਾ ਵੀ ਪ੍ਰਬੰਧ ਸਹੀ ਢੰਗ ਨਾਲ ਨਹੀਂ ਚੱਲ ਪਾ ਰਿਹਾ ਹੈ।
ਇਹ ਵੀ ਪੜ੍ਹੋ: ਖੇਤ ਮਜ਼ਦੂਰ ਯੂਨੀਅਨ ਨੇ ਘੇਰੀ AAP ਵਿਧਾਇਕ ਦੀ ਰਿਹਾਇਸ਼, ਮਜ਼ਦੂਰ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਕੀਤੀ ਮੰਗ