ਲੁਧਿਆਣਾ : ਪੰਜਾਬ ਭਰ ਵਿੱਚ 30 ਮਈ ਤੱਕ ਤੇਜ਼ ਹਵਾਵਾਂ ਤੇ ਬਾਰਿਸ਼ ਪੈਣ ਦੇ ਆਸਾਰ ਹਨ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਵਾਰ ਮਈ ਮਹੀਨੇ ਵਿਚ ਅਤੇ ਅਪ੍ਰੈਲ ਮਹੀਨੇ ਦੇ ਵਿੱਚ ਰਿਕਾਰਡ ਤੋੜ ਬਾਰਿਸ਼ਾਂ ਹੋਈਆਂ ਹਨ। ਖਾਸ ਕਰਕੇ ਮਈ ਮਹੀਨੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਪੱਛਮੀ ਚੱਕਰਵਾਤ ਆਉਣ ਕਰਕੇ ਬਾਰਿਸ਼ ਦਾ ਮੌਸਮ ਬਣਿਆ ਰਿਹਾ ਹੈ। ਮਈ ਮਹੀਨੇ ਵਿਚ ਸਿਰਫ 21 ਤੋਂ 22 ਮਈ ਦੇ ਦੌਰਾਨ ਹੀ ਤਾਪਮਾਨ 42 ਤੋਂ 43 ਡਿਗਰੀ ਰਿਹਾ ਹੈ, ਜੋਕਿ ਆਮ ਨਾਲੋਂ 3 ਡਿਗਰੀ ਤੱਕ ਜ਼ਿਆਦਾ ਸੀ, ਪਰ ਬਾਕੀ ਮਹੀਨੇ ਵਿਚ ਗਰਮੀ ਦਾ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ।
30 ਮਈ ਤੱਕ ਪੱਛਮੀ ਚੱਕਰਵਾਤ ਦੇ ਸਰਗਰਮ ਰਹਿਣ ਦੀ ਸੰਭਾਵਨਾ : ਆਮ ਮਈ ਮਹੀਨੇ ਵਿਚ 23mm ਤੱਕ ਬਾਰਿਸ਼ ਹੁੰਦੀ ਹੈ, ਪਰ 20 ਐਮਐਮ ਤੱਕ ਪਹਿਲਾਂ ਹੀ ਪੈ ਚੁੱਕੀ ਹੈ। ਇਸੇ ਤਰ੍ਹਾਂ ਅਪ੍ਰੈਲ ਮਹੀਨੇ ਵਿੱਚ ਵੀ ਪੱਛਮੀ ਚੱਕਰਵਾਤ ਕਰਕੇ ਕਾਫੀ ਬਾਰਿਸ਼ ਹੁੰਦੀ ਰਹੀ ਹੈ। ਪੰਜਾਬ ਵਿੱਚ ਮੌਜੂਦਾ ਹਾਲਾਤ ਦੇ ਅੰਦਰ 30 ਮਈ ਤੱਕ ਪੱਛਮੀ ਚੱਕਰਵਾਤ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਹਾਲਾਂਕਿ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਹੈ, ਪਰ ਪੰਜਾਬ ਭਰ ਵਿੱਚ 30 ਮਈ ਤੱਕ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਅਤੇ ਬੱਦਲਵਾਹੀ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਦਾ ਪ੍ਰਕੋਪ ਬਹੁਤਾ ਜ਼ਮੀਨੀ ਪੱਧਰ ਉਤੇ ਨਹੀਂ ਵੇਖਣ ਨੂੰ ਮਿਲੇਗਾ।
ਮੌਨਸੂਨ ਰਹਿ ਸਕਦਾ ਕਮਜ਼ੋਰ : ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ, ਪਰ ਵਾਤਾਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਸਿਸਟਮ ਲਗਾਤਾਰ ਹੋਣ ਕਰਕੇ ਉੱਤਰ ਭਾਰਤ ਦੇ ਵਿਚ ਇਸ ਵਾਰ ਮੌਨਸੂਨ ਉਤੇ ਇਸਦਾ ਅਸਰ ਪੈ ਸਕਦਾ ਹੈ। ਇਸ ਵਾਰ ਮੌਨਸੂਨ ਕਮਜ਼ੋਰ ਰਹਿ ਸਕਦਾ ਹੈ, ਪੰਜਾਬ ਖੇਤੀਬਾੜੀ ਯੁਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਆਈਐਮਡੀ ਵੱਲੋਂ ਵੀ ਇਹ ਭਵਿੱਖਬਾਣੀ ਕੀਤੀ ਗਈ ਹੈ।
ਇਲੀਨੋ ਦਾ ਵੀ ਰਹੇਗਾ ਪ੍ਰਭਾਵ : ਇਲੀਨੋ ਦਾ ਪ੍ਰਭਾਵ ਹੋਣ ਕਰਕੇ ਇਸ ਵਾਰ ਬਾਰਿਸ਼ ਘੱਟ ਹੋਵੇਗੀ, ਇਸ ਦੀ ਭਵਿੱਖਬਾਣੀ ਪਹਿਲਾਂ ਹੀ ਹੋ ਚੁੱਕੀ ਹੈ। ਮੌਸਮ ਵਿਭਾਗ ਦੀ ਵਿਗਿਆਨੀ ਨੇ ਕਿਹਾ ਹੈ ਕਿ ਫਿਲਹਾਲ ਜਿਸ ਤਰ੍ਹਾਂ ਦਾ ਮੌਸਮ ਹੈ ਕਿਸਾਨ ਜੇਕਰ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਖੇਤ ਪਹਿਲਾਂ ਹੀ ਤਤਰ-ਬਤਰ ਹੋ ਚੁੱਕੇ ਨੇ। ਉਨ੍ਹਾਂ ਕਿਹਾ ਹੈ ਕਿ ਇਸ ਤੋਂ ਇਲਾਵਾ ਨਹਿਰੀ ਪਾਣੀ ਦਾ ਇਸਤੇਮਾਲ ਵੀ ਕਿਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਬਾਰਿਸ਼ ਫ਼ਸਲਾਂ ਉਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਝੋਨੇ ਦੀ ਫਸਲ ਲਈ ਬਾਰਿਸ਼ ਚੰਗੀ ਹੈ, ਪਰ ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਇਸ ਵਾਰ ਮੌਨਸੂਨ ਕਮਜ਼ੋਰ ਰਹਿੰਦਾ ਹੈ ਤਾਂ ਇਸਦਾ ਪ੍ਰਭਾਵ ਜ਼ਰੂਰ ਫਸਲਾਂ ਉਤੇ ਵੇਖਣ ਨੂੰ ਮਿਲ ਸਕਦਾ ਹੈ।