ਲੁਧਿਆਣਾ: ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਦੀ ਸੂਬਾ ਸਰਕਾਰ ਅਤੇ ਕੇਂਦਰ 'ਚ ਰਹੀ ਯੂਪੀਏ ਸਰਕਾਰ ਨੂੰ ਲੈ ਕੇ ਜੰਮ ਕੇ ਆਪਣੀ ਭੜਾਸ ਕੱਢੀ ਹੈ। ਮਨਮੋਹਨ ਸਿੰਘ ਵੱਲੋਂ ਸਿੱਖ ਕਤਲੇਆਮ 'ਤੇ ਦਿੱਤੇ ਗਏ ਬਿਆਨ ਅਤੇ ਕੈਪਟਨ ਵੱਲੋਂ ਜੀਐੱਸਟੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਸ਼ਵੇਤ ਮਲਿਕ ਨੇ ਕਰਾਰਾ ਜਵਾਬ ਦਿੱਤਾ ਹੈ।
ਪ੍ਰੈਸ ਕਾਨਫ਼ਰੰਸ 'ਚ ਪੱਤਰਕਾਰਾਂ ਦੇ ਮੁਖਾਤਿਬ ਹੁੰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਮਨਮੋਹਨ ਸਿੰਘ ਹੁਣ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਸਿਰਫ ਪੋਚੇ ਫੇਰ ਰਹੇ ਹਨ। ਉਨ੍ਹਾਂ ਕਿਹਾ ਕਿ ਜੀਐੱਸਟੀ ਨੂੰ ਲੈ ਕੇ ਜੋ ਸੂਬਾ ਸਰਕਾਰ ਰੌਲਾ ਪਾ ਰਹੀ ਹੈ ਉਸ ਦਾ ਰਿਫੰਡ ਸਮੇਂ ਸਿਰ ਮੋਦੀ ਸਰਕਾਰ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਇੱਕ ਫੇਲ ਵਿੱਤ ਮੰਤਰੀ ਸਾਬਿਤ ਹੋਏ ਹਨ। ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸਨਅਤਕਾਰਾਂ ਦੇ ਬਕਾਇਆ ਤੇ ਮੁਆਵਜ਼ੇ ਨਹੀਂ ਮੋੜ ਰਹੇ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸੂਬਾ ਸਰਕਾਰ ਹੀ ਜ਼ਿੰਮੇਵਾਰ ਹੈ।