ਲੁਧਿਆਣਾ: ਪਾਕਿਸਤਾਨ ਦੇ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਲਗਾਤਾਰ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਐਤਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ। ਜਦੋਂਕਿ ਕਿ ਦੂਜੇ ਪਾਸੇ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਜੇਕਰ ਉਸਦੀਆਂ ਲੱਤਾਂ ਠੀਕ ਹੁੰਦੀਆਂ ਤਾਂ ਉਹ ਪਾਕਿਸਤਾਨ ਜਾ ਕੇ ਬਦਲਾ ਲੈ ਕੇ ਆਉਂਦੇ।
ਬੈਂਸ ਨੇ ਜਿੱਥੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਾਰੇ ਸਿੱਖ ਕੌਮ ਨੇ ਇਮਰਾਨ ਖਾਨ ਦਾ ਧੰਨਵਾਦ ਕੀਤਾ ਸੀ ਅਤੇ ਉੱਥੇ ਹੀ ਹੁਣ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਦੀ ਉਨ੍ਹਾਂ ਨੂੰ ਨਿੰਦਿਆ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਜੋ ਵੀ ਲੋਕ ਇਸ ਵਿੱਚ ਸ਼ਾਮਿਲ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜੋ: ਸ੍ਰੀ ਨਨਕਾਣਾ ਸਾਹਿਬ ਹਮਲਾ: ਅਜਮੇਰ ਸ਼ਰੀਫ਼ ਦੇ ਖਾਦਿਮ ਨੇ ਸਖ਼ਤ ਕਾਰਵਾਈ ਦੀ ਕੀਤੀ ਅਪੀਲ
ਉਧਰ ਮਹੇਸ਼ਇੰਦਰ ਗਰੇਵਾਲ ਨੇ ਵੀ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਅਤੇ ਸਿੱਧੂ ਦੇ ਦੋਸਤ ਬਾਜਵਾ ਅਤੇ ਇਮਰਾਨ ਖਾਨ ਨੂੰ ਇਸ ਵਿੱਚ ਹੁਣ ਦਖ਼ਲ ਦੇ ਕੇ ਸਿੱਖ ਕੌਮ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।