ਲੁਧਿਆਣਾ : ਅੱਜ ਸ਼ਹਿਰ ਵਿਚ ਯੂਨਾਈਟਿਡ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਮੂਹ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂ ਦਰਸ਼ਨਪਾਲ ਸਿੰਘ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਕਿਸਾਨ ਯੂਨੀਅਨਾਂ ਵੱਲ਼ੋਂ ਇੱਕ ਦਿਨ ਲਈ ਦਿੱਲੀ ਵਿੱਚ ਮਹਾਪੰਚਾਇਤ ਰੱਖੀ ਗਈ ਸੀ ਪਰ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਸੀ, ਆਖਰਕਾਰ ਕਿਸਾਨ ਯੂਨੀਅਨ ਦੇ ਦਬਾਅ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ 20 ਮਾਰਚ ਨੂੰ ਰਾਮਲੀਲ੍ਹਾ ਮੈਦਾਨ ਵਿੱਚ ਮਹਾਪੰਚਾਇਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਖੇਤੀ ਸਬੰਧੀ ਬਣੇ ਕਾਨੂੰਨ ਅਤੇ ਲਖੀਮਪੁਰ ਖੀਰੀ ਘਟਨਾ ਸਮੇਤ ਮੁੱਖ ਮੁੱਦਿਆਂ ਉਤੇ ਹੋਵੇਗੀ ਚਰਚਾ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਦੇਸ਼ ਭਰ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਣਗੇ। 20 ਮਾਰਚ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਇਹ ਮਹਾਪੰਚਾਇਤ ਹੋਵੇਗੀ, ਜਿਸ ਵਿੱਚ ਐਮਐਸਪੀ ਨਾਲ ਖੇਤੀ ਸਬੰਧੀ ਬਣੇ ਕਾਨੂੰਨ ਅਤੇ ਲਖੀਮਪੁਰ ਖੀਰੀ ਘਟਨਾ ਸਬੰਧੀ ਨਿਆਂ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਤੌਰ ਉਤੇ ਯੂਪੀ, ਹਰਿਆਣਾ ਅਤੇ ਹੋਰਨਾਂ ਸੂਬਿਆਂ ਤੋਂ ਵੀ ਕਿਸਾਨ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਇਸ ਪ੍ਰੋਗਰਾਮ ਵਿਚ ਹਾਜ਼ਰੀ ਭਰੀ ਜਾਵੇਗੀ।
ਇਹ ਵੀ ਪੜ੍ਹੋ : Child's Murder in mansa: 6 ਸਾਲਾ ਬੱਚੇ ਦੇ ਕਤਲ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਨੇ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣਗੇ ਕਿਸਾਨ ਆਗੂ : ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ 50 ਹਜ਼ਾਰ ਤੋਂ ਵਧ ਕਿਸਾਨ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਇਕੱਠੇ ਹੋਣਗੇ। 19 ਤਰੀਕ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਟਰੇਨਾਂ, ਗੱਡੀਆਂ ਅਤੇ ਟਰੈਕਟਰਾਂ ਰਾਹੀਂ ਵਡੀ ਗਣਤੀ ਵਿਚ ਚੱਲਣਗੇ। ਉਨ੍ਹਾਂ ਕਿਹਾ ਕਿ ਓਡੀਸ਼ਾ, ਦੱਖਣੀ ਭਾਰਤ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨ ਰਾਮਲੀਲ੍ਹਾ ਮੈਦਾਨ ਵਿਚ ਆਉਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਮੁੱਖ ਮੰਗਾਂ ਐਮਐਸਪੀ, ਲਖੀਮਪੁਰ ਖੀਰੀ ਅਤੇ ਹੋਰਨਾਂ ਮੁੱਦਿਆਂ ਉਤੇ ਆਪਣੀ ਗੱਲ ਰੱਖਣਗੇ। ਕਿਸਾਨ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਰੁਕਣਗੇ ਅਤੇ 20 ਮਾਰਚ ਸਵੇਰੇ ਵਡੀ ਗਿਣਤੀ ਵਿਚ ਰਾਮਲੀਲ੍ਹਾ ਮੈਦਾਨ ਪੁੱਜਣਗੇ। ਕਿਸਾਨ ਆਗੂਆਂ ਨੇ ਕਿਹਾ ਕਿ 2024 ਵਿਚ ਚੋਣਾਂ ਆ ਰਹੀਆਂ ਹਨ, ਉਹ ਕੇਂਦਰ ਸਰਕਾਰ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦੇ ਯਾਦ ਕਰਵਾਉਣਗੇ।