ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ ਥਾਣਾ ਜੋਧੇਵਾਲ ਬਸਤੀ ਅਧੀਨ ਇੱਕ ਕਤਲ ਕੇਸ ਵਿੱਚ ਮ੍ਰਿਤਕ ਦੇ ਭਰਾ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰੇ ਕਥਿਤ ਦੋਸ਼ੀ 20 ਤੋਂ 25 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਤਿੰਨ ਬਿਹਾਰ ਦੇ ਦੱਸੇ ਜਾ ਰਹੇ ਹਨ। ਇਸ ਅੰਨ੍ਹੇ ਕਤਲ ਨੂੰ ਸੁਲਝਾਉਣ ਬਾਰੇ ਜਾਣਕਾਰੀ ਦਿੰਦਿਆਂ ਸ਼ਨੀਵਾਰ ਨੂੰ ਇਥੇ ਜੁਆਇੰਟ ਕਮਿਸ਼ਨਰ ਭਾਗੀਰਥ ਮੀਨਾ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ।
ਭਾਬੀ ਨਾਲ ਨਾਜਾਇਜ਼ ਸਬੰਧਾਂ ਦੇ ਚਲਦੇ ਕਰਵਾਇਆ ਭਰਾ ਦਾ ਕਤਲ
ਕਾਨਫ਼ਰੰਸ ਦੌਰਾਨ ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਬਸਤੀ ਜੋਧੇਵਾਲ ਅਧੀਨ ਰਾਜੂ ਨਾਂਅ ਦੇ ਇੱਕ ਵਿਅਕਤੀ ਦਾ ਕਤਲ ਹੋਇਆ ਸੀ, ਜਿਸ ਸਬੰਧੀ ਉਸ ਦੇ ਭਰਾ ਅਸ਼ੋਕ ਕੁਮਾਰ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਅਸ਼ੋਕ ਕੁਮਾਰ ਦੇ ਆਪਣੇ ਭਰਾ ਰਾਜੂ ਦੀ ਘਰਵਾਲੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਰਾਜੂ ਦੀ ਘਰਵਾਲੀ ਤੇ ਅਸ਼ੋਕ ਨੇ ਮਿਲ ਕੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ।
'ਕਤਲ ਲਈ 50 ਹਜ਼ਾਰ ਰੁਪਏ ਦਿੱਤੀ ਸੀ ਫ਼ਿਰੌਤੀ'
ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਸ਼ੋਕ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਦੋ ਮੁਲਜ਼ਮ ਆਜ਼ਾਦ ਆਲਮ ਤੇ ਪਵਨ ਕੁਮਾਰ ਨੂੰ ਰਾਜੂ ਦਾ ਕਤਲ ਕਰਨ ਲਈ 50 ਹਜ਼ਾਰ ਰੁਪਏ ਦੀ ਫਿਰੌਤੀ ਦਿੱਤੀ ਸੀ। 20 ਹਜ਼ਾਰ ਮੌਕੇ 'ਤੇ ਦਿੱਤੇ ਅਤੇ ਬਾਕੀ ਕਤਲ ਤੋਂ ਬਾਅਦ ਦੇਣ ਦੀ ਗੱਲ ਹੋਈ। ਉਪਰੰਤ ਆਲਮ ਤੇ ਪਵਨ ਕੁਮਾਰ ਤੇ ਇੰਜਮਾਮ ਉਲ ਹੱਕ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ 2 ਦਸੰਬਰ ਦੀ ਰਾਤ ਰਾਜੂ ਦੇ ਸਿਰ ਵਿੱਚ ਇੱਟ ਮਾਰ ਕੇ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਜਾਂਚ ਦੌਰਾਨ ਮ੍ਰਿਤਕ ਦੇ ਭਰਾ ਸਮੇਤ ਚਾਰ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਚਾਰੇ ਪਿੱਛੋਂ ਬਿਹਾਰ ਦੇ ਹਨ ਅਤੇ ਹੋਰ ਕੇਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।