ਲੁਧਿਆਣਾ: ਵਿਜੀਲੈਂਸ ਬਿਊਰੋ ਦੀ ਲੁਧਿਆਣਾ ਰੇਂਜ ਨੇ ਅੱਜ ਥਾਣਾ ਟਿੱਬਾ ਵਿਖੇ ਤਾਇਨਾਤ ਏਐੱਸਆਈ ਸਤਨਾਮ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਕਾਬੂ ਕੀਤਾ ਹੈ। ਇਸੇ ਮਾਮਲੇ ਵਿੱਚ ਪ੍ਰਾਈਵੇਟ ਵਿਅਕਤੀ ਬਲਬੀਰ ਸਿੰਘ ਉਰਫ਼ ਬੀਰਾ ਢਿੱਲੋਂ ਨੂੰ ਮੁਹੱਲਾ ਜਗਦੀਸ਼ਪੁਰਾ ਸਥਿਤ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਐੱਸ ਐੱਸ ਪੀ ਆਰ ਪੀ ਐੱਸ ਸੰਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਲਜੀਤ ਕੌਰ ਵਾਸੀ ਰਾਮ ਨਗਰ ਲੁਧਿਆਣਾ ਖਿਲਾਫ਼ ਦਾਇਰ ਇੱਕ ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ ਬਲਬੀਰ ਢਿੱਲੋਂ ਰਾਹੀਂ ਉਕਤ ਏਐੱਸਆਈ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਵਿਜੀਲੈਂਸ ਨੇ ਮੁਲਜ਼ਮ ਖਿਲਾਫ਼ ਦਰਜ ਕੀਤੀ ਐੱਫਆਈਆਰ : ਮੁਲਜ਼ਮ ਏਐੱਸਆਈ ਨੇ 1,40,000 ਰੁਪਏ ਦੀ ਮੰਗ ਕੀਤੀ ਸੀ ਅਤੇ ਉਹ 60,000 ਰੁਪਏ 'ਤੇ ਮੰਨ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 18 ਜੁਲਾਈ ਨੂੰ ਪਹਿਲਾਂ ਹੀ ਉਕਤ ਏਐੱਸਆਈ ਨੂੰ 3 ਹਜ਼ਾਰ ਰੁਪਏ ਦੇ ਚੁੱਕਾ ਹੈ। ਲਗਾਤਾਰ ਉਹ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਸਬੰਧੀ ਐੱਫਆਈਆਰ ਦਰਜ ਕੀਤੀ ਗਈ ਹੈ।
ਵਿਜੀਲੈਂਸ ਨੇ ਟ੍ਰੈਪ ਲਾ ਕੇ ਕੀਤਾ ਗ੍ਰਿਫਤਾਰ : ਵਿਜੀਲੈਂਸ ਨੇ ਟ੍ਰੈਪ ਲਾ ਕੇ ਮੁਲਜ਼ਮ ਏ ਐਸ ਆਈ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਨੇ ਮਹਿਲਾ ਨੂੰ ਉਸ ਨੂੰ ਪੁਲਿਸ ਅਧਿਕਾਰੀ ਨੂੰ ਹੋਰ ਪੈਸਾ ਦੇਣ ਦਾ ਬਹਾਨਾ ਬਣਾ ਕੇ ਬੁਲਾਇਆ ਅਤੇ ਫਿਰ ਉਸ ਨੂੰ ਰੰਗੇ ਹਾਥੀ ਕਾਬੂ ਕੀਤਾ ਹੈ। ਏਐੱਸਆਈ ਪਹਿਲਾਂ ਪੈਸੇ ਲੈਣ ਤੋਂ ਮੁਕਰਦਾ ਵਿਖਾਈ ਦਿੱਤਾ ਪਰ ਜਦੋਂ ਉਸ ਦੇ ਹੱਥ ਕੈਮੀਕਲ ਵਿੱਚ ਪਾਏ ਗਏ ਤਾਂ ਉਸਦੇ ਹੱਥਾਂ ਦਾ ਰੰਗ ਬਦਲ ਗਿਆ ਅਤੇ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।