ਲੁਧਿਆਣਾ : ਜ਼ਿਲ੍ਹੇ ਦੇ ਪ੍ਰਤਾਪ ਬਾਜ਼ਾਰ ਨਜ਼ਦੀਕ ਇੱਕ ਰਹੀਸਜ਼ਾਦੇ ਨੇ ਆਪਣੀ ਤੇਜ਼ ਰਫਤਾਰ ਥਾਰ ਦੇ ਨਾਲ ਦੋ ਲੋਕਾਂ ਨੂੰ ਦਰੜ ਦਿੱਤਾ, ਜਿਸ ਦੀਆਂ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਭੀੜ-ਭਾੜ ਵਾਲੇ ਇਲਾਕਿਆਂ ਦੇ ਬਾਵਜੂਦ ਥਾਰ ਗੱਡੀ ਚਲਾਉਣ ਵਾਲਾ ਤੰਗ ਗਲੀਆਂ ਵਿੱਚ ਵੀ ਪੂਰੀ ਰਫ਼ਤਾਰ ਦੇ ਨਾਲ ਕਾਰ ਚਲਾ ਰਿਹਾ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਸੋਸ਼ਲ ਮੀਡੀਆ ਉਤੇ ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਤੇਜ਼ ਰਫਤਾਰ ਥਾਰ ਆਕੇ ਦੁਕਾਨ ਦੇ ਬਾਹਰ ਲੱਗੀ ਫੜੀ ਦੇ ਵਿੱਚ ਆ ਵੱਜਦੀ ਹੈ। ਆਲੇ-ਦੁਆਲੇ ਖੜ੍ਹੇ ਲੋਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕਰਦੇ ਰਹੇ ਪਰ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਉਹ ਥਾਰ ਦੀ ਲਪੇਟ ਵਿਚ ਆ ਗਏ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ 2 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਕਾਰ ਚਲਾਉਣ ਵਾਲਾ ਮੁਲਜ਼ਮ ਦੇ ਸਿਆਸੀ ਲਿੰਕ ਵੀ ਦੱਸੇ ਜਾ ਰਹੇ ਹਨ, ਜਿਸ ਕਰਕੇ ਮੁਲਜ਼ਮ ਦੇ ਖਿਲਾਫ਼ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕੀ। ਇਸ ਮਾਮਲੇ ਨੂੰ ਲੈ ਕੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਇਹ ਹਾਦਸਾ ਵਾਪਰਿਆ ਜਦੋਂ ਤੇਜ਼ ਰਫਤਾਰ ਕਾਰ ਬਾਹਰ ਲੱਗੀ ਫੜੀ ਤੇ ਟਕਰਾ ਗਈ, ਜਿਸ ਤੋਂ ਬਾਅਦ ਇਲਾਕੇ ਦੇ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।
ਇਹ ਵੀ ਪੜ੍ਹੋ : Private Hospital Scam: IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ!
ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਤੱਕ ਉਹ ਥਾਰ ਚਾਲਕ ਨੂੰ ਫੜ ਪਾਉਂਦੇ ਉਹ ਭੱਜ ਗਿਆ, ਪਰ ਉਸ ਨੂੰ ਆਪਣੀ ਗੱਡੀ ਉਥੇ ਹੀ ਛੱਡਣੀ ਪਈ ਕਿਉਂਕਿ ਤੰਗ-ਗਲੀਆਂ ਹੋਣ ਕਰਕੇ ਉਸ ਦਾ ਉਥੋਂ ਨਿਕਲਣਾ ਮੁਸ਼ਕਿਲ ਸੀ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਦੇ ਵਿਚ ਪੁਲਿਸ ਨੇ ਚੁੱਪੀ ਧਾਰੀ ਹੋਈ ਹੈ। ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਥਾਰ ਚਾਲਕ ਦੇ ਕਿਸੇ ਸਿਆਸੀ ਆਗੂ ਦੇ ਨਾਲ ਰਿਸ਼ਤੇ ਵੀ ਹਨ, ਜਿਸ ਕਰਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।