ਲੁਧਿਆਣਾ: ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਹੈ। ਇਹ ਮੁਹਿੰਮ 20 ਦਿਨਾਂ ਤੱਕ ਚਲਾਈ ਜਾਵੇਗੀ। ਇਸ ਮੁਹਿੰਮ ਵਿੱਚ ਨਸ਼ੇ ਤੋਂ ਪ੍ਰਭਾਵਿਤ ਹੋਏ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਪ੍ਰਸਿੱਧ ਗਾਇਕਾਂ ਅਤੇ ਕਲਾਕਾਰਾਂ ਦੀ ਵੀ ਮਦਦ ਲਈ ਗਈ ਹੈ, ਤਾਂ ਜੋ ਨਸ਼ੇ ਦੇ ਪ੍ਰਭਾਵ ਹੇਠ ਆਏ ਲੋਕਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਿਆ ਜਾ ਸਕੇ।
ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਅਪੀਲ 'ਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਅਲੱਗ-ਅਲੱਗ ਵੀਡੀਓ ਕਲਿਪ ਬਣਾ ਕੇ ਭੇਜੇ ਹਨ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ।
ਦੂਜੇ ਪਾਸੇ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਗਾਇਕਾਂ ਵੱਲੋਂ ਭੇਜੇ ਗਏ ਵੀਡੀਓ ਕਲਿਪਾਂ ਵਿੱਚ ਨਸ਼ੇ ਦੇ ਪ੍ਰਭਾਵ ਤੋਂ ਬਾਹਰ ਕੱਢਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਜਗਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਨੇੜੇ ਕੋਈ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਸ ਦੀ ਸੂਚਨਾ ਸਾਨੂੰ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੇਆਸ-ਪਾਸ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਇਸ ਦੀ ਸੂਚਨਾ ਵੀ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਤਾਂ ਕਿ ਉਸ ਵਿਅਕਤੀ ਦਾ ਇਲਾਜ ਕਰਵਾ ਕੇ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਿਆ ਜਾ ਸਕੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਵੀਡੀਓ ਕਾਲ ਰਾਹੀਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਵੰਡਾਇਆ ਦੁੱਖ
ਜਗਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਕੇ ਨਸ਼ੇ ਦੇ ਪ੍ਰਭਾਵ ਹੇਠ ਆਏ ਲੋਕਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।