ਲੁਧਿਆਣਾ: ਕ੍ਰਿਸ਼ਨਾ ਮੰਦਿਰ ਤੋਂ ਲੈ ਕੇ ਇਸ਼ਮੀਤ ਚੌਂਕ ਤੱਕ ਬਣੀ ਮਾਰਕੀਟ ਉੱਤੇ ਸਵੇਰ ਸਮੇਂ ਨਗਰ ਨਿਗਮ ਵੱਲੋਂ 40 ਦੇ ਕਰੀਬ ਕਮਰਸ਼ੀਅਲ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸੇ ਦੇ ਚੱਲਦਿਆਂ ਮੌਕੇ ਉੱਤੇ ਪਹੁੰਚੇ ਦੁਕਾਨਦਾਰਾਂ ਨੇ ਸੜਕ ਜਾਮ ਕਰ ਦਿੱਤੀ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਬਿਨਾਂ ਕੁੱਝ ਦੱਸੇ ਦੁਕਾਨਾਂ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ। ਇਸ ਦੇ ਵਿਰੋਧ ਵਜੋਂ ਦੁਕਾਨਦਾਰਾਂ ਨੇ ਸੜਕਾਂ ਉੱਤੇ ਹੀ ਆਪਣੀਆਂ ਗੱਡੀਆਂ ਲਗਾ ਦਿੱਤੀਆਂ ਅਤੇ ਰੋਡ ਪੂਰੀ ਤਰ੍ਹਾਂ ਬੰਦ ਕਰ ਦਿੱਤਾ।
ਪ੍ਰਦਰਸ਼ਨ ਕਰਕੇ ਸੜਕਾਂ ਜਾਮ ਹੋ ਗਈਆਂ ਅਤੇ ਟਰੈਫਿਕ ਦੀਆਂ ਬਰੇਕਾਂ ਲੱਗ ਗਈਆਂ। ਮੌਕੇ ਉੱਤੇ ਪਹੁੰਚੇ ਪੀਸੀਆਰ ਤੇ ਪੁਲਿਸ ਮੁਲਾਜ਼ਮਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ, ਪਰ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਹ ਗੱਡੀਆਂ ਨਹੀਂ ਹਟਾਉਣਗੇ।
ਨਗਰ ਨਿਗਮ ਵਿਭਾਗ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ: ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਰਾਤ ਦੇ ਸਮੇਂ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਘਰ ਗਏ ਸਨ। ਪਰ, ਜਦੋਂ ਸਵੇਰੇ ਉਨ੍ਹਾਂ ਦੇ ਵਰਕਰਾਂ ਨੇ ਆ ਕੇ ਦੇਖਿਆ, ਤਾਂ ਨਗਰ ਨਿਗਮ ਵੱਲੋਂ ਨੋਟਿਸ ਚਿਪਕਾਏ ਗਏ ਹਨ। ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ, ਹਾਲਾਂਕਿ ਇਸ ਦੌਰਾਨ ਦੁਕਾਨਦਾਰਾਂ ਨੇ ਵਿਰੋਧ ਦੀ ਗੱਲ ਕਹੀ ਹੈ। ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪਹਿਲਾਂ ਨੋਟਿਸ ਨਹੀਂ ਦਿੱਤਾ ਗਿਆ। ਅਚਾਨਕ ਹੀ ਇਹ ਨੋਟਿਸ ਲਿਆ ਕੇ ਦੁਕਾਨਾਂ ਦੇ ਅੱਗੇ ਲਗਾ ਦਿੱਤੇ ਗਏ ਹਨ, ਜੋ ਕਿ ਗੈਰ ਕਾਨੂੰਨੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦਾ ਡੱਟ ਕੇ ਵਿਰੋਧ ਕਰਾਂਗੇ।
ਮਾਮਲੇ ਨੂੰ ਸੁਲਝਾਉਣ ਵਿੱਚ ਲੱਗਾ ਪੁਲਿਸ: ਉੱਥੇ ਹੀ, ਦੂਜੇ ਪਾਸੇ ਮੌਕੇ 'ਤੇ ਪਹੁੰਚੇ ਏਐਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹੀ ਦੁਕਾਨਾਂ ਦੇ ਨੋਟਿਸ ਲੱਗੇ ਸਨ ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕਰਦਿਆਂ ਸੜਕ 'ਤੇ ਜਾਮ ਲਗਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ, ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਹੈ। ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ ਦੇ ਵਿੱਚ ਇਹ ਪੂਰਾ ਮਾਮਲਾ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਫਤੀਸ਼ ਮਾਮਲੇ ਦੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਲੰਘਣ ਲਈ ਪਹਿਲਾਂ ਹੀ ਰੂਟ ਡਾਈਵਰਟ ਕੀਤਾ ਜਾ ਰਿਹਾ ਹੈ।