ਲੁਧਿਆਣਾ: ਲੁਟੇਰਿਆਂ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅੱਜ ਲੁਧਿਆਣਾ ਦੇ ਗਿੱਲ ਨਹਿਰ ਦੇ ਨੇੜੇ ਸੁਨਿਆਰੇ ਦੀ ਦੁਕਾਨ 'ਤੇ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਇਸ ਮੌਕੇ ਦੁਕਾਨ ਵਿੱਚ ਪਏ ਸੋਨੇ ਅਤੇ ਚਾਂਦੀ ਦੇ ਗਹਿਣੇ ਬੈਗ ਦੇ ਵਿੱਚ ਪਾ ਕੇ ਲੁਟੇਰੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਸ਼ਾਮ ਨੂੰ ਚਾਰ ਤੋਂ ਪੰਜ ਲੁਟੇਰੇ ਦੁਕਾਨ 'ਚ ਅਚਾਨਕ ਦਾਖਲ ਹੁੰਦੇ ਹਨ ਅਤੇ ਬੰਦੂਕ ਦੀ ਨੋਕ 'ਤੇ ਸੁਨਿਆਰੇ ਨੂੰ ਡਰਾ ਕੇ ਉਸ ਦੀ ਦੁਕਾਨ ਤੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਹਨ।
ਸੀਸੀਟੀਵੀ ਕੈਦ ਹੋਈ ਵਾਰਦਾਤ: ਲੁੱਟ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਦ ਹੋ ਗਈ। ਇੰਨ੍ਹਾਂ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਲੁਟੇਰੇ ਬੇਖੌਫ਼ ਹੋ ਕੇ ਦੁਕਾਨ 'ਚ ਦਾਖਲ ਹੁੰਦੇ ਨੇ ਅਤੇ ਪਿਸਤੌਲ ਦੀ ਨੌਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਰਫੂਚੱਕਰ ਹੋ ਜਾਂਦੇ ਹਨ।ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਲੁਟੇਰੇ ਦੁਕਾਨ 'ਚ ਇੱਕ ਬੈਗ ਲੈ ਕੇ ਦਾਖਲ ਹੁੰਦੇ ਹਨ ਅਤੇ ਅਲਮਾਰੀ 'ਚ ਪਏ ਸੋਨੇ ਅਤੇ ਚਾਂਦੀ ਦੇ ਗਹਿਣੇ ਬੈਗ 'ਚ ਪਾ ਕੇ ਚਲੇ ਜਾਂਦੇ ਹਨ। ਦੁਕਾਨਦਾਰ ਨੇ ਆਖਿਆ ਕਿ ਬੜੀ ਮੁਸ਼ਕਿਲ ਨਾਲ ਉਸ ਨੇ ਆਪਣੀ ਜਾਨ ਬਚਾਈ ਹੈ।
ਲੁੱਟ ਦੀ ਇਸ ਵਾਰਦਾਤ ਤੋਂ ਬਾਅਦ ਪੁਲਿਸ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨਕਿ ਦੁਕਾਨ ਤੋਂ ਮਹਿਜ਼ 300 ਤੋਂ 400 ਮੀਟਰ ਦੀ ਦੂਰ 'ਤੇ ਹੀ ਪੁਲਿਸ ਸਟੇਸ਼ਨ ਹੈ ਪਰ ਬਿਨਾਂ ਕਿਸੇ ਡਰ ਦੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਇੰਨ੍ਹਾਂ ਹੀ ਸੁਨਿਆਰੇ ਦੇ ਨਾਲ ਕੁੱਟਮਾਰ ਵੀ ਕੀਤੀ ਹੈ। ਜਦੋਂ ਉਸਨੇ ਰੋਲਾ ਪਾਇਆ ਤਾਂ ਉਹਨਾਂ ਦੇ ਹੱਥ ਵਿੱਚ ਜੋ ਵੀ ਆਇਆ ਉਹ ਲੈ ਕੇ ਫਰਾਰ ਹੋ ਗਏ। ਸੁਨਿਆਰੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਕੁੱਲ 5 ਮੁਲਜ਼ਮ ਦੁਕਾਨ 'ਚ ਦਾਖਿਲ ਹੋਏ ਸਨ, ਜਿਂਨ੍ਹਾਂ 'ਚ ਕੁਝ ਨੇ ਮੂੰਹ 'ਤੇ ਰੁਮਾਲ ਬੰਨ੍ਹੇ ਹੋਏ ਸਨ ਜਦੋਂ ਕਿ ਕਈ ਬਿਨ੍ਹਾਂ ਮਾਸਕ ਤੋਂ ਵੀ ਸਨ।